ਨਵੀਂ ਦਿੱਲੀ: ਕਰੰਸੀ ਨੋਟਾਂ ਨਾਲ ਕਈ ਗੰਭੀਰ ਬਿਮਾਰੀਆਂ ਫੈਲਣ ਦੇ ਖ਼ਦਸ਼ੇ ਦੀ ਜਾਂਚ ਲਈ ਵਪਾਰੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ। ਵਪਾਰੀਆਂ ਦੀ ਜਥੇਬੰਦੀ ‘ਸੀਏਆਈਟੀ’ ਨੇ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਲਿਖਤੀ ਮੰਗ ਕੀਤੀ ਹੈ ਕਿ ਕਰੰਸੀ ਨੋਟਾਂ ਕਾਰਨ ਸਿਹਤ ਨੂੰ ਹੋਣ ਵਾਲੇ ਖ਼ਤਰਿਆਂ ਦੀ ਜਾਂਚ ਕਰਵਾਈ ਜਾਵੇ ਅਤੇ ਲੋਕਾਂ ਨੂੰ ਨੋਟਾਂ ਤੋਂ ਹੋਣ ਵਾਲੀਆਂ ਸੰਭਾਵੀ ਬਿਮਾਰੀਆਂ ਦੀ ਰੋਕਥਾਮ ਕੀਤੀ ਜਾਵੇ। ਵਪਾਰੀਆਂ ਨੇ ਇਹ ਪੱਤਰ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਅਤੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਹਰਸ਼ਵਰਧਨ ਨੂੰ ਵੀ ਸੌਂਪੀਆਂ ਹਨ।
ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਨੇ ਕੁਝ ਖੋਜ ਅਧਿਐਨਾਂ ਤੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਇਹ ਮੁੱਦਾ ਚੁੱਕਦਿਆਂ ਇਸ ਵੱਲ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਕਿਹਾ ਕਿ ਨੋਟ ਬਿਮਾਰੀਆਂ ਫੈਲਾਉਣ ਵਾਲੇ ਜਰਾਸੀਮਾਂ ਨਾਲ ਦੂਸ਼ਿਤ ਹੁੰਦੇ ਹਨ ਅਤੇ ਇਨ੍ਹਾਂ ਰਾਹੀਂ ਪਿਸ਼ਾਬ ਤੇ ਫੇਫੜਿਆਂ ਦੀ ਇਨਫੈਕਸ਼ਨ, ਜ਼ਖ਼ਮ ਗਲਣਾ (ਸੈਪਟੀਸੀਮੀਆ), ਚਮੜੀ ਦੀ ਲਾਗ, ਦਿਮਾਗੀ ਬੁਖ਼ਾਰ, ਟੌਕਸਿਸ ਸ਼ੌਕ ਸਿੰਡਰੋਮ ਤੇ ਕਈ ਕਿਸਮ ਦੀਆਂ ਪੇਟ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ।
ਸੀਏਆਈਟੀ ਦੇ ਸਕੱਤਰ ਜਨਰਲ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਵਿਗਿਆਨਕ ਰਸਾਲਿਆਂ ਵਿੱਚ ਇਹ ਖੋਜ ਪੱਤਰ ਪਿਛਲੇ ਲੰਮੇ ਸਮੇਂ ਤੋਂ ਪ੍ਰਕਾਸ਼ਿਤ ਹੋ ਰਹੇ ਹਨ ਪਰ ਅਫ਼ਸੋਸ ਹੈ ਕਿ ਲੋਕਾਂ ਦੀ ਸਿਹਤ ਦੇ ਇਸ ਗੰਭੀਰ ਮੁੱਦੇ ਵੱਲ ਸਰਕਾਰ ਨੇ ਧਿਆਨ ਹੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਇਲਾਵਾ ਭਾਰਤੀ ਮੈਡੀਕਲ ਕੌਂਸਲ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਅੱਗੇ ਆ ਕੇ ਜਾਂਚ ਕਰਨੀ ਚਾਹੀਦੀ ਹੈ।