ਚੰਡੀਗੜ੍ਹ: ਤਿਓਹਾਰਾਂ ਦਾ ਸੀਜ਼ਨ ਆਉਂਦਿਆਂ ਹੀ ਨਕਲੀ ਦੁੱਧ ਤੇ ਮਿਠਾਈਆਂ ਦੀ ਭਰਮਾਰ ਹੋ ਜਾਂਦੀ ਹੈ। ਇਸ ਦਾ ਸਬੂਤ ਹੈ ਪਿਛਲੇ ਦੋ ਹਫ਼ਤਿਆਂ ਦੌਰਾਨ 7,000 ਕੁਇੰਟਲ ਨਕਲੀ ਦੁੱਧ ਤੇ ਇਸ ਤੋਂ ਤਿਆਰ ਚੀਜ਼ਾਂ ਦਾ ਫੜਿਆ ਜਾਣਾ ਹੈ। ਵੱਖ-ਵੱਖ ਥਾਵਾਂ ਤੋਂ ਵੱਡੀ ਮਾਤਰਾ ਇਕੱਤਰ ਕੀਤੇ ਗਏ ਪਨੀਰ ਦੇ ਸਾਰੇ ਨਮੂਨੇ ਫੇਲ੍ਹ ਹੋ ਗਏ ਹਨ।


ਛਾਪੇਮਾਰੀ ਦੌਰਾਨ ਲਏ ਨਮੂਨੇ ਹੋਏ ਫੇਲ੍ਹ 

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਡੇਅਰੀ ਸਨਅਤ ਦੇ ਬਰਾਬਰ ਇੱਕ ਅਜਿਹੀ ਸਨਅਤ ਖੜ੍ਹੀ ਹੋ ਗਈ ਹੈ ਜੋ ਡੇਅਰੀ ਉਤਪਾਦ ਨੂੰ ਬਗ਼ੈਰ ਦੁੱਧ ਤੋਂ ਹੀ ਤਿਆਰ ਕਰ ਰਹੀ ਹੈ। ਮਿਸ਼ਨ ਤੰਦਰੁਸਤ ਪੰਜਾਬ ਦੇ ਨਿਰਦੇਸ਼ਕ ਕਾਹਨ ਸਿੰਘ ਪੰਨੂੰ ਵੱਲੋਂ ਦਿੱਤੇ ਡੇਟਾ ਮੁਤਾਬਕ ਸੂਬੇ ਵਿੱਚ ਪਿਛਲੇ 15 ਦਿਨਾ ਦੌਰਾਨ ਕੁੱਲ 1000 ਛਾਪੇ ਮਾਰੇ ਗਏ। ਇਨ੍ਹਾਂ ਛਾਪਿਆਂ ਵਿੱਚ 364 ਨਮੂਨੇ ਲਏ ਗਏ ਹਨ ਅਤੇ ਜਾਂਚ ਦੌਰਾਨ 161 ਨਮੂਨੇ ਫੇਲ੍ਹ ਹੋ ਗਏ ਹਨ।

ਟੌਇਲਟ ਕਲੀਨਰ ਸਮੇਤ ਖ਼ਤਰਨਾਕ ਕੈਮੀਕਲ ਦੀ ਹੁੰਦੀ ਹੈ ਵਰਤੋਂ

ਫੇਲ੍ਹ ਹੋਏ ਇਨ੍ਹਾਂ ਨਮੂਨਿਆਂ ਵਿੱਚ ਪਖ਼ਾਨੇ ਸਾਫ਼ ਕਰਨ ਵਾਲੇ ਟੌਇਲਟ ਕਲੀਨਰ ਰਾਹੀਂ ਤਿਆਰ ਪਨੀਰ, ਦੁੱਧ ਨੂੰ ਗਾੜ੍ਹਾ ਕਰਨ ਲਈ ਕੱਪੜੇ ਧੋਣ ਵਾਲਾ ਪਾਊਡਰ ਅਤੇ ਫੈਟ ਵਧਾਉਣ ਲਈ ਪਾਲਮ ਦੇ ਤੇਲ ਦੀ ਵਰਤੋਂ ਕੀਤੀ ਗਈ ਪਾਈ ਗਈ। ਇਸ ਤੋਂ ਇਲਾਵਾ ਕੈਮੀਕਲ ਮਾਲਟੋਡੈਕਸਟ੍ਰੋਨ ਦੀ ਵੀ ਭਰਮਾਰ ਪਾਈ ਗਈ। ਇਹ ਹਾਨੀਕਾਰਕ ਪਦਾਰਥ ਜਾਦੂਈ ਤਰੀਕੇ ਨਾਲ ਨਕਲੀ ਦੁੱਧ ਨੂੰ ਇਵੇਂ ਸੰਘਣਾ ਕਰਦਾ ਹੈ ਤਾਂ ਜੋ ਉਹ ਬਿਲਕੁਲ ਅਸਲੀ ਦੁੱਧ ਵਾਂਗ ਲੱਗੇ।

ਪੰਜਾਬ 'ਚ ਰੋਜ਼ਾਨਾ 360 ਲੱਖ ਲੀਟਰ ਦੁੱਧ ਦਾ ਉਤਪਾਦ

ਪੰਜਾਬ ਦੇ ਪਸ਼ੂ ਪਾਲਣ ਵਿਭਾਗ ਮੁਤਾਬਕ ਸੂਬੇ ਵਿੱਚ 52 ਲੱਖ ਮੱਝਾਂ ਅਤੇ 21 ਲੱਖ ਗਾਵਾਂ ਹਨ ਪਰ ਇਨ੍ਹਾਂ ਵਿੱਚੋਂ 70 ਫ਼ੀਸਦ ਹੀ ਦੁੱਧ ਦੇਣ ਯੋਗ ਹਨ। ਇਨ੍ਹਾਂ ਤੋਂ ਰੋਜ਼ਾਨਾ ਤਕਰੀਬਨ 360 ਲੱਖ ਲੀਟਰ ਦੁੱਧ ਦੀ ਪੈਦਾਵਾਰ ਹੈ ਅਤੇ ਅੱਧਾ ਪਿੰਡ ਪੱਧਰ 'ਤੇ ਹੀ ਵਰਤ ਲਿਆ ਜਾਂਦਾ ਹੈ। ਬਕਾਇਆ 180 ਲੱਖ ਲੀਟਰ ਬਾਜ਼ਾਰ ਵਿੱਚ ਆਉਂਦਾ ਹੈ, ਜਿਸ ਵਿੱਚੋਂ 50 ਲੱਖ ਲੀਟਰ ਦੁੱਧ ਨੂੰ ਮਿਲਕ ਪਲਾਂਟ ਵਰਤਦੇ ਹਨ। ਬਾਕੀ 130 ਲੱਖ ਲੀਟਰ ਦੁੱਧ ਵਿੱਚੋਂ 30 ਲੱਖ ਲੀਟਰ ਨੂੰ ਹਲਵਾਈ ਖਰੀਦ ਲੈਂਦੇ ਹਨ ਤੇ ਮਿਠਾਈਆਂ ਤਿਆਰ ਕਰਦੇ ਹਨ ਤੇ 20 ਲੱਖ ਲੀਟਰ ਪੰਜਾਬ ਤੋਂ ਬਾਹਰ ਜਾਂਦਾ ਹੈ। ਬਾਕੀ 80 ਲੱਖ ਲੀਟਰ ਦੁੱਧ ਕਿਸਾਨ ਸਿੱਧੇ ਤੌਰ 'ਤੇ ਆਪ ਵੇਚਦਾ ਹੈ।

ਨਕਲੀ ਦੁੱਧ ਹੋਣ ਦਾ ਖ਼ਦਸ਼ਾ ਇੱਥੇ ਸਭ ਤੋਂ ਵੱਧ

ਅਧਿਕਾਰੀਆਂ ਦਾ ਕਹਿਣਾ ਹੈ ਕਿ ਢਾਬੇ, ਵਿਆਹ-ਪਾਰਟੀ ਠੇਕੇਦਾਰ ਅਤੇ ਹੋਰਨਾਂ ਸਮਾਗਮਾਂ ਵਿੱਚ ਵੱਡੀ ਮਾਤਰਾ ਵਿੱਚ ਦੁੱਧ ਦੀ ਖਪਤ ਵਾਲੀਆਂ ਥਾਵਾਂ ਉਤੇ ਅਕਸਰ ਜਾਅਲੀ ਦੁੱਧ ਭੇਜਿਆ ਜਾਂਦਾ ਹੈ। ਇਸ ਦਾ ਵੱਡਾ ਕਾਰਨ ਸਸਤੀ ਕੀਮਤ ਹੈ। ਬਾਜ਼ਾਰ ਵਿੱਚ ਅਸਲੀ ਪਨੀਰ ਦੀ ਕੀਮਤ 250 ਤੋਂ 270 ਰੁਪਏ ਫ਼ੀ ਕਿੱਲੋ ਹੈ ਜਦਕਿ ਨਕਲੀ ਪਨੀਰ 170 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲ ਜਾਂਦਾ ਹੈ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਵੀ ਹੈ ਕਿ ਇੱਕ ਕਿੱਲੋ ਨਕਲੀ ਪਨੀਰ ਤਿਆਰ ਕਰਨ ਵਿੱਚ 70-100 ਰੁਪਏ ਦੀ ਹੀ ਲਾਗਤ ਆਉਂਦੀ ਹੈ।

ਨਕਲੀ ਘਿਓ ਤੇ ਦੁੱਧ ਨੇ ਕੀਤੀ ਮਿਲਾਵਟਖੋਰਾਂ ਦੀ ਚਾਂਦੀ

ਇਸੇ ਤਰ੍ਹਾਂ ਨਕਲੀ ਦੇਸੀ ਘਿਓ ਵੀ ਅਸਲੀ ਤੋਂ ਅੱਧੀ ਕੀਮਤ ਭਾਵ 200 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਹੀ ਤਿਆਰ ਕਰ ਲਿਆ ਜਾਂਦਾ ਹੈ। ਇੱਕ ਕਿੱਲੋ ਨਕਲੀ ਘਿਓ ਵੇਚ ਕੇ ਘੱਟੋ ਘੱਟ 120 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸਿੱਧੀ ਬੱਚਤ ਕੀਤੀ ਜਾਂਦੀ ਹੈ। ਇਉਂ ਹੀ ਨਕਲੀ ਦੁੱਧ 28 ਤੋਂ 32 ਰੁਪਏ ਫ਼ੀ ਲੀਟਰ ਵਿਕਦਾ ਹੈ ਜਦਕਿ ਖ਼ਾਲਸ ਦੁੱਧ ਦਾ ਮੁੱਲ 40 ਤੋਂ ਪੰਜਾਹ ਰੁਪਏ ਪ੍ਰਤੀ ਲੀਟਰ ਹੈ। ਇੱਥੋਂ ਵੀ 15 ਤੋਂ 20 ਰੁਪਏ ਫ਼ੀ ਲੀਟਰ ਦੇ ਹਿਸਾਬ ਨਾਲ ਮੁਨਾਫਾ ਕਮਾਇਆ ਜਾਂਦਾ ਹੈ।

ਪਿਛਲੇ 10 ਸਾਲਾਂ 'ਚ ਇੱਕ ਵੀ ਦੋਸ਼ੀ ਨੂੰ ਨਹੀਂ ਹੋਈ ਸਜ਼ਾ

ਫੂਡ ਸੇਫਟੀ ਐਕਟ, 2006 ਤਹਿਤ ਮਿਲਾਵਟ ਕਰਨ ਦੇ ਦੋਸ਼ੀ ਨੂੰ ਚਾਰ ਤੋਂ ਲੈ ਕੇ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਤਕ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ, ਪਰ ਇਹ ਕਾਨੂੰਨ ਸਿਰਫ ਫਾਰਮੈਲਿਟੀ ਹੀ ਰਹਿ ਗਿਆ ਜਾਪਦਾ ਹੈ। ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਖੁਲਾਸਾ ਕੀਤਾ ਹੈ ਕਿ ਪਿਛਲੇ 10 ਸਾਲਾਂ ਵਿੱਚ ਇੱਕ ਵੀ ਮਿਲਾਵਟਖੋਰ ਨੂੰ ਕੈਦ ਨਹੀਂ ਹੋਈ। ਸਿਰਫ਼ 1,000 ਰੁਪਏ ਤੋਂ ਲੈ ਕੇ 50,000 ਰੁਪਏ ਤਕ ਜ਼ੁਰਮਾਨਾ ਹੀ ਕੀਤਾ ਗਿਆ ਹੈ।