ਹੁਸ਼ਿਆਰਪੁਰ: ਹਲਕਾ ਚੱਬੇਵਾਲ ਦੇ ਪਿੰਡ ਬਿਛੋਹੀ ਵਿੱਚ ਡਾਇਰੀਆ ਨੇ ਕਹਿਰ ਮਚਾਇਆ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ 120 ਵਿਅਕਤੀ ਡਾਇਰੀਆ ਦੇ ਸ਼ਿਕਾਰ ਹੋਏ ਹਨ, ਜਿਸ ਵਿੱਚ ਮਹਿਲਾਵਾਂ, ਪੁਰਸ਼, ਬੱਚੇ ਸ਼ਾਮਲ ਹਨ। ਇਸ ਤੋਂ ਇਲਾਵਾ ਇੱਕ 5 ਸਾਲ ਦੀ ਇਕਲੌਤੀ ਬੱਚੀ ਦੀ ਮੌਤ ਹੋ ਗਈ ਹੈ। ਹਾਲਾਂਕਿ ਪਿੰਡ ਵਾਲਿਆਂ ਮੁਤਾਬਕ 200 ਤੋਂ 300 ਲੋਕ ਡਾਇਰੀਆ ਦੇ ਸ਼ਿਕਾਰ ਹੋ ਚੁੱਕੇ ਹਨ। ਪਿੰਡ ਵਿੱਚ ਕਈ ਘਰਾਂ ਦਾ ਤਾਂ ਇਹ ਹਾਲ ਵੀ ਹੈ ਕਿ ਉਨ੍ਹਾਂ ਨੂੰ ਆਪਣੇ ਘਰ ਦਾ ਕੀਮਤੀ ਸਾਮਾਨ ਤੇ ਗਹਿਣੇ ਵੇਚ ਕੇ ਆਪਣੇ ਪਰਿਵਾਰ ਦੇ ਜੀਆਂ ਦਾ ਇਲਾਜ ਕਰਵਾਉਣਾ ਪੈ ਰਿਹਾ ਹੈ।


ਪੂਰੇ ਪਿੰਡ ਵਿੱਚ ਡਾਕਟਰਾਂ ਦੀਆਂ ਟੀਮਾਂ ਤੇ ਵਾਟਰ ਸਪਲਾਈ ਦੀਆ ਜਾਂਚ ਟੀਮਾਂ ਪਹੁੰਚ ਚੁੱਕੀਆਂ ਹਨ ਪਰ ਪਿੰਡ ਵਾਸੀਆਂ ਵਿੱਚ ਇਸ ਹਾਲਤ ਸਬੰਧੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਪਿੰਡ ਵਾਲੇ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਤੇ ਪ੍ਰਸ਼ਾਸ਼ਨ ਨੂੰ ਆਪਣੀ ਇਸ ਹਾਲਤ ਦਾ ਜ਼ਿੰਮੇਵਾਰ ਠਹਿਰਾ ਰਹੇ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਵੱਲੋਂ ਗੰਦੇ ਪਾਣੀ ਦੀ ਸ਼ਿਕਾਇਤ ਕੀਤੀ ਜਾ ਰਹੀ ਸੀ ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਸੁਣੀ। ਇਸ ਵੇਲੇ ਪਿੰਡ ਦੀ ਹਾਲਤ ਇਹ ਹੈ ਕਿ ਕਈ ਘਰਾਂ ਵਿੱਚ ਇਕ ਪਰਿਵਾਰ ਦੇ 7 ਮੈਂਬਰ ਡਾਇਰੀਆ ਦੀ ਚਪੇਟ ਵਿੱਚ ਹਨ ਤੇ ਘਰ ਵਿੱਚ ਉਨ੍ਹਾਂ ਦੀ ਦੇਖ-ਰੇਖ ਕਰਨ ਵਾਲਾ ਕੋਈ ਮੌਜੂਦ ਨਹੀਂ।


ਪਿੰਡ ਵਾਸੀਆਂ ਤੇ ਪਿੰਡ ਦੀ ਬੱਚੀ ਇਸ਼ਿਤਾ ਠਾਕੁਰ ਦੇ ਪਰਿਵਾਰ ਲਈ ਇਹ ਡਾਇਰੀਆਂ ਕਾਲ ਬਣ ਕੇ ਆਇਆ। ਇਸ ਬਿਮਾਰੀ ਕਾਰਨ ਬਿਮਾਰ ਹੋਈ 5 ਸਾਲ ਦੀ ਇਸ਼ਿਤਾ ਠਾਕੁਰ ਨਾਂ ਦੀ ਬੱਚੀ ਦੀ ਮੌਤ ਹੋ ਗਈ। ਬੱਚੀ ਦੇ ਪਰਿਵਾਰ ਵਾਲੇ ਪ੍ਰਸ਼ਾਸਨ 'ਤੇ ਗੁੱਸਾ ਕੱਢ ਰਹੇ ਹਨ। ਪਰਿਵਾਰ ਨੇ ਦੱਸਿਆ ਕੇ ਬੱਚੀ ਦੀ ਮੌਤ ਤੋਂ ਬਾਅਦ ਵੀ ਪ੍ਰਸ਼ਾਸਨ ਜਾਂ ਮੌਜੂਦਾ ਸਰਕਾਰ ਦੇ ਵਿਧਾਇਕ ਨੇ ਹਾਲੇ ਤਕ ਉਨ੍ਹਾਂ ਦੀ ਸਾਰ ਨਹੀਂ ਲਈ। ਬੱਚੀ ਦੇ ਪਰਿਵਾਰਿਕ ਮੈਂਬਰ ਵੀ ਡਾਇਰੀਆ ਦੇ ਸ਼ਿਕਾਰ ਹਨ ਜੋ ਹਾਲੇ ਤਕ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿੱਚ ਦਾਖ਼ਲ ਹਨ।


ਪਰਿਵਾਰ ਵਾਲਿਆਂ ਨੇ ਦੱਸਿਆ ਕਿ ਗੰਦੇ ਪਾਣੀ ਦੀ ਇਹ ਹਾਲਤ ਹੋ ਚੁੱਕੀ ਹੈ ਕਿ ਇੱਕ ਦਿਨ ਪਾਣੀ ਦੀਆਂ ਟੂਟੀਆਂ ਵਿੱਚੋਂ ਗੋਹੇ ਵਾਲਾ ਪਾਣੀ ਆਉਣ ਲੱਗ ਪਿਆ ਸੀ ਪਰ ਉਸ ਤੋਂ ਬਾਅਦ ਵੀ ਕਿਸੇ ਨੇ ਇਸ ਵੱਲ ਗੌਰ ਨਹੀਂ ਕੀਤਾ। ਇਸ ਸਬੰਧੀ ਪਿੰਡ ਬਿਛੋਹੀ ਵਿੱਚ ਪਹੁੰਚੀ ਮੈਡੀਕਲ ਟੀਮ ਦੇ ਮੁਖੀ ਸਲੇਸ਼ ਨੇ ਕਿਹਾ ਕਿ ਡਾਇਰੀਆ ਦੇ ਇਸ ਕਹਿਰ ਦੀ ਰੋਕਥਾਮ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਵਾਟਰ ਸਪਲਾਈ ਦੇ ਮੁਲਾਜ਼ਮ ਜਦੋਂ ਪਾਣੀ ਦੀਆਂ ਪਾਈਪ ਦਾ ਹਾਲ ਦੇਖ ਰਹੇ ਹਨ ਤਾਂ ਪਾਣੀ ਦੀਆਂ ਪਾਈਪ ਵਿੱਚੋ ਗੰਦ ਦੇ ਢੇਰ ਨਿਕਲ ਰਹੇ ਹਨ।