ਵਾਸ਼ਿੰਗਟਨ : ਭੁੱਲਣ ਦੀ ਬਿਮਾਰੀ ਅਲਜਾਇਮਰ ਦਾ ਸਮੇਂ ਤੋਂ ਪਹਿਲਾਂ ਪਤਾ ਲਗਾ ਪਾਉਣਾ ਹੁਣ ਸੰਭਵ ਹੋ ਸਕੇਗਾ। ਵਿਗਿਆਨੀਆਂ ਨੇ ਇਸ ਤਰ੍ਹਾਂ ਦੀ ਜਾਂਚ ਵਿਕਸਤ ਕੀਤੀ ਹੈ ਜਿਸ 'ਚ ਸੁੰਘਣ ਦੀ ਸਮਰੱਥਾ ਨੂੰ ਪਰਖ ਕਰ ਕੇ ਇਸ ਬੀਮਾਰੀ ਦੇ ਖ਼ਤਰੇ ਦਾ ਪਤਾ ਲਗਾਇਆ ਜਾ ਸਕਦਾ ਹੈ। ਇਹ ਦਾਅਵਾ ਨਵੀਂ ਖੋਜ ਵਿਚ ਕੀਤਾ ਗਿਆ ਹੈ।
ਅਮਰੀਕੀ ਖੋਜਾਰਥੀਆਂ ਦੇ ਮੁਤਾਬਕ, ਬਜ਼ੁਰਗਾਂ 'ਚ ਪਛਾਣਨ, ਯਾਦ ਕਰਨ ਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਦੇ ਸੁੰਘਣ 'ਚ ਫਰਕ ਕਰਨ ਦੀ ਸਮਰੱਥਾ ਦੀ ਜਾਂਚ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ 'ਚ ਅਲਜਾਇਮਰ ਦਾ ਕਿੰਨਾ ਖ਼ਤਰਾ ਹੈ। ਇਸ ਜਾਂਚ ਨੂੰ ਆਡੋਓਰ ਪਰਸੈਪਟ ਆਈਡੈਂਟੀਫਿਕੇਸ਼ਨ (ਓਪੀਆਈਡੀ)-10 ਟੈਸਟ ਨਾਂ ਦਿੱਤਾ ਗਿਆ ਹੈ। ਇਸ ਜਾਂਚ ਨੂੰ ਕੁਝ ਉਮੀਦਵਾਰਾਂ 'ਤੇ ਅਜਮਾਇਆ ਗਿਆ ਹੈ। ਉਨ੍ਹਾਂ ਨੂੰ ਪੁਦੀਨਾ, ਲੌਂਗ, ਸਟ੫ਾਬੇਰੀ, ਨਿੰਬੂ, ਸਾਬਣ ਵਰਗੀਆਂ ਦਸ ਚੀਜ਼ਾਂ ਸੁੰਘਣ ਨੂੰ ਦਿੱਤੀਆਂ ਗਈਆਂ।
ਇਸ ਤੋਂ ਬਾਅਦ ਉਨ੍ਹਾਂ ਨੂੰ ਇਨ੍ਹਾਂ ਨਾਲ ਜੁੜੇ ਕੁਝ ਸਵਾਲ ਪੁੱਛੇ ਗਏ। ਖੋਜਾਰਥੀ ਮਾਰਕ ਅਲਬਰਸ ਨੇ ਕਿਹਾ ਕਿ ਅਲਜਾਇਮਰ ਦੇ ਲੱਛਣ ਦਿਖਣ ਨਾਲ ਦਸ ਸਾਲ ਪਹਿਲਾਂ ਹੀ ਇਸ ਬਿਮਾਰੀ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਦਾ ਸਮੇਂ ਤੋਂ ਪਹਿਲਾਂ ਹੀ ਪਤਾ ਲਗਾਉਣ 'ਚ ਇਹ ਸਸਤੀ ਤੇ ਆਸਾਨ ਜਾਂਚ ਮਦਦਗਾਰ ਸਾਬਿਤ ਹੋ ਸਕਦੀ ਹੈ।