ਕੋਟਿਅਮ: ਕੇਰਲ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਨੇ ਇੱਕ ਮਹਿਲਾ ਨੂੰ ਕੈਂਸਰ ਦੱਸ ਕੇ ਉਸ ਦੀ ਕੀਮੋਥੈਰੇਪੀ ਕਰ ਦਿੱਤੀ। ਮਹਿਲਾ ਦੀ ਸ਼ਿਕਾਇਤ ਮਗਰੋਂ ਕੇਰਲ ਦੇ ਸਿਹਤ ਮੰਤਰੀ ਕੇਕੇ ਸ਼ੈਲਜਾ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਇੱਕ ਪ੍ਰਾਈਵੇਟ ਲੈਬ ਨੇ ਜਾਂਚ ਰਿਪੋਰਟ ਵਿੱਚ ਮਹਿਲਾ ਨੂੰ ਕੈਂਸਰ ਹੋਣ ਦੀ ਪੁਸ਼ਟੀ ਕੀਤੀ ਸੀ। ਇਸ ਰਿਪੋਰਟ ਦੇ ਆਧਾਰ 'ਤੇ ਹੀ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਮਹਿਲਾ ਦੀ ਕੀਮੋਥੈਰੇਪੀ ਕਰ ਦਿੱਤੀ ਸੀ।


ਮਾਵਲਿਕਾਰਾ ਦੀ ਰਹਿਣ ਵਾਲੀ ਮਹਿਲਾ ਨੇ ਦੱਸਿਆ ਕਿ ਉਸ ਦੀ ਛਾਤੀ ਵਿੱਚ ਗੰਢ ਸੀ। ਹਸਪਤਾਲ ਦੇ ਜਨਰਲ ਸਰਜਰੀ ਵਿਭਾਗ ਵਿੱਟ 28 ਫਰਵਰੀ ਨੂੰ ਉਸ ਦਾ ਇਲਾਜ ਕੀਤਾ ਗਿਆ। ਸੈਂਪਲ ਜਾਂਚ ਲਈ ਉਸ ਨੂੰ ਹਸਪਤਾਲ ਦੀ ਪ੍ਰਾਈਵੇਟ ਲੈਬ ਭੇਜਿਆ ਗਿਆ ਸੀ। ਜਾਂਚ ਰਿਪੋਰਟ ਵਿੱਚ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ। ਇਸ ਤੋਂ ਬਾਅਦ ਡਾਕਟਰਾਂ ਨੇ ਫੌਰਨ ਉਸ ਦੀ ਕੀਮੋਥੈਰੇਪੀ ਸ਼ੁਰੂ ਕਰ ਦਿੱਤੀ।

ਇਸ ਮਗਰੋਂ ਦੋ ਹਫ਼ਤੇ ਬਾਅਦ ਹਸਪਤਾਲ ਦੀ ਲੈਬ ਤੋਂ ਰਿਪੋਰਟ ਆਈ ਕਿ ਮਹਿਲਾ ਨੂੰ ਕੈਂਸਰ ਨਹੀਂ। ਫਿਰ ਕੀਮੋਥੈਰੇਪੀ ਰੋਕ ਦਿੱਤੀ ਗਈ ਤੇ ਮਹਿਲਾ ਨੂੰ ਜਨਰਲ ਸਰਜਰੀ ਵਾਰਡ ਵਿੱਚ ਭੇਜ ਦਿੱਤਾ ਗਿਆ। ਉੱਥੇ ਆਪ੍ਰੇਸ਼ਨ ਕਰਕੇ ਛਾਤੀ ਵਿੱਚੋਂ ਗੰਢ ਕੱਢੀ ਗਈ। ਸੈਂਪਲ ਰਿਪੋਰਟ ਨੂੰ ਫਿਰ ਤੋਂ ਹਸਪਤਾਲ ਦੀ ਲੈਬ ਤੇ ਤਿਰੂਵਨੰਤਪੁਰਮ ਦੇ ਰੀਜ਼ਨਲ ਕੈਂਸਰ ਵਿੱਚ ਜਾਂਚ ਲਈ ਭੇਜਿਆ ਗਿਆ। ਦੋਵਾਂ ਰਿਪੋਰਟਾਂ ਵਿੱਚ ਸਪਸ਼ਟ ਹੋਇਆ ਕਿ ਮਹਿਲਾ ਨੂੰ ਕੈਂਸਰ ਨਹੀਂ ਸੀ।

ਹੁਣ ਪੀੜਤ ਮਹਿਲਾ ਨੇ ਸਿਹਤ ਮੰਤਰੀ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ ਹੈ। ਉਸ ਨੇ ਦੱਸਿਆ ਕਿ ਕੀਮੋਥੈਰੇਪੀ ਹੋਣ ਕਰਕੇ ਉਸ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਫਿਲਹਾਲ ਸਿਹਤ ਮੰਤਰੀ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ ਤੇ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।