ਰੌਬਟ


ਲੁਧਿਆਣਾ/ਮੁਹਾਲੀ : ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪੰਜਾਬ 'ਚ ਅੱਜ ਸਵੇਰੇ ਦੋ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 216 ਹੋ ਗਈ ਹੈ। ਲੁਧਿਆਣਾ 'ਚ ਨਵਾਂ ਮਾਮਲਾ ਏਸੀਪੀ ਦੇ ਸੰਪਰਕ ਤੋਂ ਹੈ ਜੋ ਪਹਿਲਾਂ ਹੀ ਪੌਜ਼ੇਟਿਵ ਟੈਸਟ ਕੀਤਾ ਜਾ ਚੁੱਕਾ ਹੈ।

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਏਸੀਪੀ ਦੇ ਸੰਪਰਕ 'ਚ ਆਇਆ ਇੱਕ ਏਐਸਆਈ ਵੀ ਕੋਰੋਨਾ ਪੌਜ਼ੇਟਿਵ ਟੈਸਟ ਕੀਤਾ ਗਿਆ ਹੈ।ਏਸੀਪੀ ਦੇ ਸੰਪਰਕ 'ਚ ਆਏ ਤਿੰਨ ਲੋਕ ਕੱਲ ਪੌਜ਼ੇਟਿਵ ਟੈਸਟ ਕੀਤੇ ਗਏ ਸਨ।ਏਸੀਪੀ ਦੀ ਪਤਨੀ, ਉਸ ਦਾ ਗੰਨਮੈਨ, ਫਿਰੋਜ਼ਪੁਰ ਦਾ ਵਸਨੀਕ ਅਤੇ ਬਸਤੀ ਜੋਧੇਵਾਲ ਐਸਐਚਓ ਵਜੋਂ ਤਾਇਨਾਤ ਇੱਕ ਸਬ ਇੰਸਪੈਕਟਰ ਸੰਕਰਮਿਤ ਪਾਏ ਗਏ ਸਨ।

ਏਸੀਪੀ ਇਸ ਸਮੇਂ ਐਸਪੀਐਸ ਹਸਪਤਾਲ ਵਿੱਚ ਦਾਖਲ ਹੈ ਅਤੇ ਵੈਂਟੀਲੇਟਰ ’ਤੇ ਹੈ। ਵਿਭਾਗ ਏਸੀਪੀ ਦੇ ਸਾਰੇ ਸੰਪਰਕਾਂ ਦੇ ਨਮੂਨੇ ਇਕੱਤਰ ਕਰ ਰਿਹਾ ਹੈ।ਏਸੀਪੀ ਨੂੰ ਕੁਝ ਦਿਨ ਪਹਿਲਾਂ ਸਬਜ਼ੀ ਮੰਡੀ ਵਿਖੇ ਡਿਊਟੀ ਦੌਰਾਨ ਵਾਇਰਸ ਦੀ ਲਾਗ ਲੱਗੀ ਸੀ।

ਐਸਪੀਐਸ ਹਸਪਤਾਲ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਦਾ ਪਲਾਜ਼ਮਾ ਥੈਰੇਪੀ ਕਰਨ ਜਾ ਰਹੀ ਹੈ।ਇਹ ਰਾਜ ਵਿੱਚ ਅਜਿਹੇ ਪਹਿਲਾ ਕੋਵੀਡ-19 (COVID-19) ਇਲਾਜ ਹੋਵੇਗਾ। ਪੰਜਾਬ ਸਰਕਾਰ ਨੇ ਵੀ ਐਸਪੀਐਸ ਹਸਪਤਾਲ ਲੁਧਿਆਣਾ ਦੀ ਮੈਡੀਕਲ ਟੀਮ ਦਾ ਇਸ ਇਲਾਜ ਲਈ ਸਮਰਥਨ ਕੀਤੀ ਹੈ।ਥੈਰੇਪੀ ਦਾ ਪ੍ਰਬੰਧ ਰਾਜ ਸਰਕਾਰ ਦੇ ਸਿਹਤ ਸਲਾਹਕਾਰ ਅਤੇ ਪੀਜੀਆਈ ਦੇ ਸਾਬਕਾ ਡਾਇਰੈਕਟਰ ਡਾ. ਕੇ ਕੇ ਤਲਵਾੜ ਕਰ ਰਹੇ ਹਨ।

ਕੋਰੋਨਾਵਾਇਰਸ ਦੀ ਮਾਰ ਨਾਲ ਕੱਲ ਲੁਧਿਆਣਾ ਦੇ 58 ਸਾਲਾ ਕਾਨੂੰਗੋ ਦੀ ਮੌਤ ਹੋ ਗਈ ਸੀ। ਮ੍ਰਿਤਕ ਲੁਧਿਆਣਾ ਜ਼ਿਲ੍ਹਾ ਅਧੀਨ ਪੈਂਦੇ ਕਸਬਾ ਪਾਇਲ ਦਾ ਵਾਸੀ ਸੀ।ਡਾਕਟਰਾਂ ਮੁਤਾਬਕ ਮ੍ਰਿਤਕ ਨੂੰ ਵੀਰਵਾਰ ਨੂੰ ਸਾਹ ਦੀ ਤਕਲੀਫ਼ ਹੋਣ ਤੋਂ ਬਾਅਦ ਵੈਨਿਲੇਟਰ 'ਤੇ ਰੱਖਿਆ ਗਿਆ ਸੀ। ਕੋਰੋਨਾ ਟੈਸਟ ਪੌਜ਼ੇਟਿਵ ਹੋਣ ਦੇ ਕੁਝ ਹੀ ਘੰਟਿਆਂ ਦੇ ਅੰਦਰ-ਅੰਦਰ ਸ਼ੁੱਕਰਵਾਰ ਦੁਪਹਿਰ ਨੂੰ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ ਸੀ।

ਮੁਹਾਲੀ ਦੇ ਨਵਾਂ ਗਾਓਂ 'ਚ ਤਾਜ਼ਾ ਮਾਮਲਾ
ਮੁਹਾਲੀ ਜ਼ਿਲ੍ਹਾ ਜਿੱਥੇ ਕੋਰੋਨਾਵਾਇਰਸ ਦੇ ਸੂਬੇ 'ਚ ਸਭ ਤੋਂ ਵੱਧ ਮਾਮਲੇ ਹਨ ਵਿੱਚ ਅੱਜ ਸਵੇਰੇ ਇੱਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਨਵਾਂ ਗਾਓਂ ਤੋਂ ਹੈ। ਪੀਜੀਆਈ ਹਸਪਤਾਲ ਚੰਡੀਗੜ੍ਹ 'ਚ ਕੰਮ ਕਰਦਾ ਇੱਕ ਕਰਮਚਾਰੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤਾ ਗਿਆ ਹੈ।ਇਸ ਨਵੇਂ ਮਾਮਲੇ ਨਾਲ ਮੁਹਾਲੀ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 57 ਹੋ ਗਈ ਹੈ।