ਨਵੀਂ ਦਿੱਲੀ: ਦਿੱਲੀ ਦੇ ਸਿਹਤ ਮੰਤਰੀ ਸਤਿਏਂਦਰ ਜੈਨ ਨੇ ਕਿਹਾ ਹੈ ਕਿ ਦਿੱਲੀ ਵਿੱਚ ਦੁੱਧ ਦੇ 165 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਸ ਵਿੱਚ 21 ਸੈਂਪਲ ਖਰਾਬ ਗੁਣਵੱਤਾ ਦੇ ਨਿੱਕਲੇ ਹਨ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਫੇਲ੍ਹ ਰਹਿਣ ਵਾਲਿਆਂ ਵਿੱਚ ਅਮੂਲ ਤੇ ਮਦਰ ਡੇਅਰੀ ਵਰਗੇ ਵੱਡੇ ਬ੍ਰਾਂਡ ਦੇ ਦੁੱਧ ਵੀ ਸ਼ਾਮਲ ਹਨ।


 

ਮੰਤਰੀ ਨੇ ਕਿਹਾ ਕਿ 13 ਅਪ੍ਰੈਲ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਘਿਓ ਦੇ ਵੀ ਤਿੰਨ ਨਮੂਨਿਆਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਇੱਕ ਸਥਾਨਕ ਬ੍ਰਾਂਡ ਦਾ ਘਿਓ ਖਤਰਨਾਕ ਪਾਇਆ ਗਿਆ।

ਸਤਿਏਂਦਰ ਜੈਨ ਨੇ ਕਿਹਾ, ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਚੁੱਕਿਆ ਗਿਆ ਸੀ ਤੇ ਮੈਂ ਦਿੱਲੀ ਵਿੱਚ ਦੁੱਧ ਦੇ ਨਮੂਨਿਆਂ ਦੀ ਜਾਂਚ ਦੇ ਹੁਕਮ ਦਿੱਤੇ ਸੀ। ਅਸੀਂ ਪੂਰੀ ਦਿੱਲੀ ਵਿੱਚੋਂ 177 ਸੈਂਪਲ ਲਏ, ਜਿਸ ਵਿੱਚ ਕਈ ਵੱਡੇ ਬ੍ਰਾਂਡ ਵੀ ਸ਼ਾਮਲ ਸਨ। ਇਨ੍ਹਾਂ ਵਿੱਚੋਂ 21 ਸੈਂਪਲ (ਮਦਰ ਡੇਅਰੀ ਤੇ ਅਮੂਲ) ਖਰਾਬ ਕਵਾਲਿਟੀ ਦੇ ਨਿੱਕਲੇ। ਹਾਲਾਂਕਿ, ਮੰਤਰੀ ਨੇ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਉਹ ਖਤਰਨਾਕ ਹਨ।

ਜੈਨ ਨੇ ਦੱਸਿਆ- ਖ਼ਰਾਬ ਕਵਾਲਿਟੀ ਦੇ ਦੋ ਮਤਲਬ ਹਨ। ਇੱਕ ਮਿਲਾਵਟੀ ਤੇ ਦੂਜਾ ਜਿਹੜਾ ਦੁੱਧ ਤੈਅ ਮਾਪਦੰਡਾਂ 'ਤੇ ਖਰਾ ਨਹੀਂ ਉੱਤਰਦਾ। ਜ਼ਿਆਦਾਤਰ ਦੁੱਧ ਵਿੱਚ ਮਿਲਾਵਟ ਮਿਲੀ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।