ਭਿੰਡ: ਪੁਲਿਸ ਭਰਤੀ ਵਿੱਚ ਉਮੀਦਵਾਰਾਂ ਦੀ ਛਾਤੀ 'ਤੇ ਜਾਤ ਲਿਖਣ ਦੇ ਮਾਮਲੇ ਤੋਂ ਬਾਅਦ ਮੱਧ ਪ੍ਰਦੇਸ਼ ਤੋਂ ਇੱਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਪੁਲਿਸ ਭਰਤੀ ਵਿੱਚ ਕੁੜੀਆਂ ਤੇ ਮੁੰਡਿਆਂ ਦਾ ਮੈਡੀਕਲ ਟੈਸਟ ਭਿੰਡ ਜ਼ਿਲ੍ਹਾ ਹਸਪਤਾਲ ਵਿੱਚ ਕਥਿਤ ਤੌਰ 'ਤੇ ਇੱਕ ਹੀ ਕਮਰੇ ਵਿੱਚ ਕੀਤਾ ਗਿਆ।


 

ਵੈਸੇ ਦੋਹਾਂ ਦਾ ਵੱਖ-ਵੱਖ ਕਮਰਿਆਂ ਵਿੱਚ ਟੈਸਟ ਹੋਣਾ ਸੀ। ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਫੌਰੀ ਤੌਰ 'ਤੇ ਇੱਕ ਡਾਕਟਰ ਤੇ ਇੱਕ ਕਲਰਕ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਭਿੰਡ ਜਿਲਾ ਹਸਪਤਾਲ ਦੇ ਇੰਚਾਰਜ ਡਾ. ਅਜੀਤ ਮਿਸ਼ਰਾ ਨੇ ਦੱਸਿਆ ਕਿ ਸਾਨੂੰ ਪਤਾ ਲੱਗਿਆ ਹੈ ਕਿ ਹੱਡੀ ਵਾਲੇ ਡਾਕਟਰ ਆਰਕੇ ਅੱਗਰਵਾਲ, ਸਰਜਨ ਡਾ. ਵਿਨੋਦ, ਅੱਖਾਂ ਦੇ ਡਾਕਟਰ ਆਰਐਸ ਕੁਸ਼ਵਾਹਾ ਤੇ ਈਐਨਟੀ ਡਾ. ਆਰਐਨ ਰਾਜੌਰੀਆ ਨੇ ਇੱਕੋ ਕਮਰੇ ਵਿੱਚ 39 ਉਮੀਦਵਾਰਾਂ ਦਾ ਮੈਡੀਕਲ ਕੀਤਾ। ਇਸ ਵਿੱਚ 21 ਮੁੰਡੇ ਤੇ 18 ਕੁੜੀਆਂ ਸ਼ਾਮਲ ਸਨ।

ਲਾਪਰਵਾਹੀ ਦੇ ਮਾਮਲੇ ਵਿੱਚ ਡਾ. ਆਰਕੇ ਅਗਰਵਾਲ ਤੇ ਕਲਰਕ ਦੇਵੇਂਦਰ ਸ਼ਰਮਾ ਅੱਜ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੀ ਜਾਂਚ ਹੁਣ ਸੀਨੀਅਰ ਅਫਸਰ ਤੋਂ ਕਰਵਾਈ ਜਾ ਰਹੀ ਹੈ।