ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਮੁਸਲਮਾਨਾਂ ਨੂੰ ਨਿਪੁੰਸਕ ਬਣਾਉਣ ਵਾਲੇ ਇੰਜੈਕਸ਼ਨ ਬਾਰੇ 'ਏਬੀਪੀ ਨਿਊਜ਼' ਨੇ ਪੜਤਾਲ ਕੀਤੀ ਹੈ। ਇੱਕ ਟੀਕੇ ਦੀ ਤਸਵੀਰ ਨੂੰ ਸੋਸ਼ਲ ਮੀਡੀਆ ਰਾਹੀਂ ਇਹ ਕਹਿ ਕੇ ਪ੍ਰਚਾਰਿਆ ਗਿਆ ਕਿ ਇਹ ਦਵਾਈ ਜਿਸ ਮਰਦ ਦੇ ਸ਼ਰੀਰ ਵਿੱਚ ਪਹੁੰਚ ਜਾਂਦੀ ਹੈ, ਉਸ ਨੂੰ ਨਿਪੁੰਸਕ ਬਣਾ ਦਿੰਦੀ ਹੈ। ਕੁਝ ਸਮਾਂ ਪਹਿਲਾਂ ਪੰਜਾਬ ਵਿੱਚ ਵੀ ਇਸ ਟੀਕੇ ਨੂੰ ਸਿੱਖ ਬੱਚਿਆਂ ਨੂੰ ਨਿਪੁੰਸਕ ਬਣਾਉਣ ਦੀ ਸਾਜਿਸ਼ ਦਾ ਹਿੱਸਾ ਦੱਸਿਆ ਗਿਆ ਸੀ। 'ਏਬੀਪੀ ਨਿਊਜ਼' ਦੀ ਛਾਣਬੀਣ ਤੋਂ ਬਾਅਦ ਘੱਟ ਗਿਣਤੀਆਂ ਦੇ ਦੁਸ਼ਮਣ ਦੱਸੇ ਜਾਣ ਵਾਲੇ ਟੀਕੇ ਦਾ ਸੱਚ ਸਾਹਮਣੇ ਆਇਆ ਹੈ। ਆਓ ਉਸ ਬਾਰੇ ਤੁਹਾਨੂੰ ਵੀ ਦੱਸਦੇ ਹਾਂ-
ਵਾਇਰਲ ਮੈਸੇਜ ਵਿੱਚ ਕੀਤਾ ਜਾ ਰਿਹਾ ਕਿਹੜਾ ਦਾਅਵਾ?
ਤਸਵੀਰ ਨਾਲ ਇੱਕ ਸੰਦੇਸ਼ ਹੈ, ਜਿਸ ਵਿੱਚ ਲਿਖਿਆ ਹੈ, "ਪਿਆਰੇ ਭਰਾਵੋ ਤੇ ਭੈਣੋ, ਅਸਲਾਮਆਲੇਕੁਮ.. ਭਾਰਤ ਦੇ ਸਾਰੇ ਸਕੂਲਾਂ ਵਿੱਚ ਬੱਚਿਆਂ ਨੂੰ ਇਹ ਇੰਜੈਕਸ਼ਨ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਭਾਈਓ ਆਪਣੇ ਬੱਚਿਆਂ ਨੂੰ ਇਹ ਇੰਜੈਕਸ਼ਨ ਨਾ ਲਾਉਣ ਦੇਣਾ। ਇਹ ਆਰਐਸਐਸ ਦੀ ਯੋਜਨਾ ਹੈ। ਜਦੋਂ ਤੁਹਾਡੇ ਬੱਚੇ 40 ਦੇ ਨੇੜੇ ਤੇੜੇ ਪਹੁੰਚ ਜਾਣਗੇ ਤਾਂ ਉਹ ਆਪਣੇ ਬੱਚੇ ਨਹੀਂ ਕਰ ਸਕਣਗੇ। ਕੇਰਲ ਦੇ ਇੱਕ ਅਧਿਆਪਕ ਨੇ ਦੱਸਿਆ ਹੈ ਕਿ ਇਹ ਟੀਕੇ ਸਿਰਫ਼ ਮੁਸਲਿਮ ਬੱਚਿਆਂ ਨੂੰ ਹੀ ਦੇਣੇ ਹਨ ਤਾਂ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਇਹ ਇੰਜੈਕਸ਼ਨ ਉਨ੍ਹਾਂ ਦੇ ਲੱਗਣ ਨਾ ਦੇਣਾ।"
'ਏਬੀਪੀ ਨਿਊਜ਼' ਨੇ ਪੜਤਾਲ ਕਰ ਲੱਭਿਆ ਸੱਚ-
'ਏਬੀਪੀ ਨਿਊਜ਼' ਨੇ ਵਾਇਰਲ ਮੈਸੇਜ ਦੀ ਪੜਤਾਲ ਕੀਤੀ। ਦਿੱਲੀ ਦੇ ਗੰਗਾਰਾਮ ਹਸਪਤਾਲ ਦੇ ਬੱਚਿਆਂ ਦੇ ਮਾਹਰ ਡਾਕਟਰ ਕਾਨਵ ਆਨੰਦ ਨਾਲ ਸੰਪਰਕ ਕੀਤਾ। ਡਾਕਟਰ ਆਨੰਦ ਨੇ ਦੱਸਿਆ ਕਿ ਇਹ ਵੈਕਸੀਨ ਐਮ ਆਰ ਵੈਕ ਯਾਨੀ ਮਿਜ਼ਲ ਰੁਬੇਲਾ ਵੈਕਸੀਨ (ਖਸਰਾ ਤੇ ਖਸਰੇ ਸਬੰਧੀ ਰੋਗ ਦੇ ਟਾਕਰੇ ਲਈ ਟੀਕਾ) ਹੈ। ਉਨ੍ਹਾਂ ਨੂੰ ਦੱਸਿਆ ਕਿ ਇਹ ਟੀਕਾ 9 ਮਹੀਨੇ ਤੋਂ 15 ਮਹੀਨੇ ਦੇ ਬੱਚਿਆਂ ਨੂੰ ਹੀ ਲਾਇਆ ਜਾਂਦਾ ਹੈ ਤਾਂ ਜੋ ਬੱਚੇ ਖਸਰੇ ਦੀ ਬਿਮਾਰੀ ਦਾ ਟਾਕਰਾ ਕਰਨ ਦੇ ਸਮਰੱਥ ਹੋ ਜਾਣ।
ਕੀ ਹੈ ਮੀਜ਼ਲਸ ਰੋਗ-
ਮੀਜ਼ਲਸ ਯਾਨੀ ਕਿ ਖਸਰਾ ਇੱਕ ਛੂਤ ਦਾ ਰੋਗ ਹੈ, ਜੋ ਖੰਘਣ ਜਾਂ ਛਿੱਕ ਮਾਰਨ ਨਾਲ ਫੈਲਦੀ ਹੈ। ਇਹ ਵਾਇਰਸ ਇੰਨਾ ਖ਼ਤਰਨਾਕ ਹੈ ਕਿ ਬੱਚੇ ਦੀ ਜਾਨਲੇਵਾ ਸਾਬਤ ਹੋ ਸਕਦਾ ਹੈ। ਸਰਕਾਰ ਨੇ ਇਸ ਰੋਗ ਨੂੰ ਰੋਕਣ ਵਾਲੇ ਇਸ ਐਮਆਰ ਟੀਕੇ ਦੇ ਪ੍ਰਚਾਰ ਲਈ ਮੁਹਿੰਮ ਵਿੱਢੀ ਹੋਈ ਹੈ। ਪਰ ਸੋਸ਼ਲ ਮੀਡੀਆ 'ਤੇ ਇਸ ਨੂੰ ਫਿਰਕੂ ਰੰਗ ਚਾੜ੍ਹ ਕੇ ਘੱਟ ਗਿਣਤੀਆਂ ਦੇ ਵਿਰੁੱਧ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਬੱਚਿਆਂ ਦੀ ਸਿਹਤ ਵਿਗੜਨ ਦੀਆਂ ਖ਼ਬਰਾਂ ਤੋਂ ਬਾਅਦ ਐਮਆਰ ਟੀਕੇ ਦਾ ਖਾਸਾ ਵਿਰੋਧ ਵੀ ਹੋਇਆ ਸੀ।
ਮੈਸੇਜ ਦਾ ਸੱਚ-
'ਏਬੀਪੀ ਨਿਊਜ਼' ਦੀ ਪੜਤਾਲ ਵਿੱਚ ਘੱਟ ਗਿਣਤੀਆਂ ਨੂੰ ਨਿਪੁੰਸਕ ਬਣਾਉਣ ਵਾਲੇ ਇਸ ਟੀਕੇ ਦਾ ਦਾਅਵਾ ਪਹਿਲਾਂ ਵੀ ਝੂਠਾ ਸਾਬਤ ਹੋਇਆ ਸੀ, ਹੁਣ ਵੀ ਇਹ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੀ ਸਾਬਤ ਹੋਇਆ ਹੈ। 'ਏਬੀਪੀ ਨਿਊਜ਼' ਤੁਹਾਨੂੰ ਅਪੀਲ ਕਰਦਾ ਹੈ ਕਿ ਅਫ਼ਵਾਹਾਂ 'ਤੇ ਯਕੀਨ ਨਾ ਕਰੋ, ਇਸ ਨਾਲ ਤੁਹਾਡਾ ਵੱਡਾ ਨੁਕਸਾਨ ਹੋ ਸਕਦਾ ਹੈ।