ਨਵੀਂ ਦਿੱਲੀ: ਸ਼ਹਿਰ ਦੇ ਰਾਜੀਵ ਚੌਕ ਨੇੜਿਉਂ ਬਰਗਰ ਵੇਚਣ ਵਾਲੀ ਵੱਡੀ ਕੰਪਨੀ 'ਬਰਗਰ ਕਿੰਗ' ਦੇ ਸ਼ਿਫ਼ਟ ਮੈਨੇਜਰ ਵਿਰੁੱਧ ਕੇਸ ਦਰਜ ਹੋ ਗਿਆ ਹੈ, ਕਿਉਂਕਿ ਇੱਕ ਵਿਅਕਤੀ ਨੇ ਇਲਜ਼ਾਮ ਲਾਇਆ ਹੈ ਕਿ 'ਬਰਗਰ ਕਿੰਗ' ਦਾ ਖਾਣਾ ਖਾਣ ਨਾਲ ਉਹ ਬੇਹੱਦ ਬਿਮਾਰ ਹੋ ਗਿਆ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।


 

ਸੋਮਵਾਰ ਨੂੰ ਰਾਕੇਸ਼ ਕੁਮਾਰ ਨਾਂ ਦੇ ਵਿਅਕਤੀ ਨੇ 'ਬਰਗਰ ਕਿੰਗ' ਤੋਂ ਚੀਜ਼ ਵੈਜ ਬਰਗਰ ਆਰਡਰ ਕੀਤਾ ਸੀ। ਰਾਕੇਸ਼ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਬਰਗਰ ਖਾਣ ਸਮੇਂ ਉਸ ਨੂੰ ਕੋਈ ਸਖ਼ਤ ਚੀਜ਼ ਮਹਿਸੂਸ ਹੋਈ। ਕੁਝ ਸਮੇਂ ਬਾਅਦ ਉਸ ਨੂੰ ਉਲਟੀ ਆਉਣ ਵਾਂਗ ਮਹਿਸੂਸ ਹੋਇਆ। ਪੁਲਿਸ ਨੇ ਦੱਸਿਆ ਕਿ ਬਰਗਰ ਵਿੱਚ ਪਲਾਸਟਿਕ ਸੀ, ਜਿਸ ਨੂੰ ਖਾਣ ਕਾਰਨ ਭੋਜਨ ਨਲ਼ੀ ਵਿੱਚ ਜ਼ਖ਼ਮ ਹੋ ਗਏ।

ਕੁਮਾਰ ਨੇ ਪਹਿਲਾਂ ਆਪਣੀ ਸ਼ਿਕਾਇਤ ਸ਼ਿਫ਼ਟ ਮੈਨੇਜਰ ਨੂੰ ਕੀਤੀ ਤੇ ਬਾਅਦ ਵਿੱਚ ਪੁਲਿਸ ਤਕ ਪਹੁੰਚ ਕੀਤੀ। ਉਸ ਨੂੰ ਲੇਡੀ ਹਾਰਡਿੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪੁਲਿਸ ਨੇ 'ਬਰਗਰ ਕਿੰਗ' ਦੇ ਸ਼ਿਫ਼ਟ ਮੈਨੇਜਰ ਵਿਰੁੱਧ ਕੇਸ ਦਰਜ ਕਰ ਲਿਆ ਹੈ। 'ਬਰਗਰ ਕਿੰਗ' ਅਮਰੀਕਾ ਦੀ ਫਾਸਟ ਫੂਡ ਕੰਪਨੀ ਹੈ।

'ਬਰਗਰ ਕਿੰਗ' 1954 ਵਿੱਚ ਹੋਂਦ ਵਿੱਚ ਆਈ ਸੀ ਤੇ ਇਸ ਦਾ ਆਧਾਰ ਫਲੋਰੀਡਾ ਦਾ ਹੈ। ਮਸ਼ਹੂਰ ਬਰਗਰ ਕੰਪਨੀ ਮੈਕਡੋਨਾਲਡਜ਼ ਨੂੰ ਟੱਕਰ ਦੇਣ ਵਿੱਚ 'ਬਰਗਰ ਕਿੰਗ' ਸਭ ਤੋਂ ਅੱਗੇ ਹੈ। ਦੁਨੀਆ ਦੇ 95 ਦੇਸ਼ਾਂ ਵਿੱਚ 'ਬਰਗਰ ਕਿੰਗ' ਦੀਆਂ 13,667 ਦੁਕਾਨਾਂ ਨਾਲ ਇਹ ਕੰਪਨੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ।