ਚੰਡੀਗੜ੍ਹ: ਡੇਂਗੂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਜਰਨੈਲਾਂ ਵਿੱਚ ਜੰਗ ਛਿੜ ਗਈ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਸੂਬੇ ਵਿੱਚ ਡੇਂਗੂ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਥਾਨਕ ਸਰਕਾਰਾਂ ਤੇ ਪੇਂਡੂ ਵਿਕਾਸ ਮਹਿਕਮੇ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਵੱਲੋਂ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਹਾਲਾਤ ਵਿਗੜਦੇ ਜਾ ਰਹੇ ਹਨ।


ਹੈਰਾਨੀ ਦੀ ਗੱਲ਼ ਹੈ ਕਿ ਬ੍ਰਹਮ ਮਹਿੰਦਰਾ ਆਪਣੇ ਹੀ ਸਾਥੀ ਮੰਤਰੀ ਨੂੰ ਘੇਰ ਰਹੇ ਹਨ ਜਦੋਂਕਿ ਜ਼ਿੰਮੇਵਾਰੀ ਤਾਂ ਕਾਂਗਰਸ ਸਰਕਾਰ ਦੀ ਹੈ। ਉਧਰ, ਆਮ ਆਦਮੀ ਪਾਰਟੀ (ਆਪ) ਨੇ ਸਿਹਤ ਮੰਤਰੀ ਦੇ ਬਿਆਨ ਨੂੰ ਗੈਰ ਜਿੰਮੇਵਾਰਨਾ ਕਿਹਾ ਹੈ। ਪਾਰਟੀ ਦੀ ਚੀਫ਼ ਸਪੋਕਸਪਰਸਨ ਪ੍ਰੋ. ਬਲਜਿੰਦਰ ਕੌਰ ਤੇ ਸਪੋਕਸਮੈਨ ਮੀਤ ਹੇਅਰ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਕਾਂਗਰਸ ਸਰਕਾਰ ਦੇ ਏਜੰਡੇ 'ਤੇ ਨਹੀਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਬਾਕੀ ਮੰਤਰੀ ਵੀ 'ਸੱਤਾ ਸੁੱਖ' ਭੋਗਣ 'ਚ ਮਸਰੂਫ਼ ਹਨ ਤੇ ਆਪਣੀਆਂ ਜ਼ਿੰਮੇਵਾਰੀਆਂ ਦੂਸਰਿਆਂ ਸਿਰ ਸੁੱਟਣ 'ਚ ਮਾਹਿਰ ਹਨ।

ਉਨ੍ਹਾਂ ਕਿਹਾ ਹੈ ਕਿ ਬ੍ਰਹਮ ਮਹਿੰਦਰਾ ਦੇ ਇਕਬਾਲੀਆ ਬਿਆਨ ਨੇ ਜਿੱਥੇ ਸਿਹਤ ਵਿਭਾਗ ਦੀਆਂ ਨਾਕਾਮੀਆਂ ਨੂੰ ਨੰਗਾ ਕੀਤਾ ਹੈ, ਉੱਥੇ ਨਵਜੋਤ ਸਿੱਧੂ ਦੇ ਮਹਿਕਮੇ ਦੀ ਵੀ ਪੋਲ ਖੋਲ੍ਹੀ ਹੈ। ਬੇਸ਼ੱਕ ਸਿਹਤ ਮੰਤਰੀ ਨੇ ਆਪਣੇ ਮਹਿਕਮੇ ਦੀ ਅਸਫਲਤਾ ਛੁਪਾਉਣ ਦੀ ਕੋਸ਼ਿਸ਼ 'ਚ ਨਵਜੋਤ ਸਿੱਧੂ 'ਤੇ ਸਿਆਸੀ ਤੀਰ ਮਾਰਿਆ ਹੈ, ਪਰ ਇਹ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਸਰਕਾਰ ਸਿਹਤ ਤੇ ਸਫ਼ਾਈ ਸਹੂਲਤਾਂ ਦੇਣ ਸਮੇਤ ਹਰ ਫ਼ਰੰਟ 'ਤੇ ਫ਼ੇਲ੍ਹ ਹੋਈ ਹੈ।

ਦਰਅਸਲ ਮੀਡੀਆ ਤੇ ਆਮ ਲੋਕਾਂ ਵੱਲੋਂ ਡੇਂਗੂ ਦੇ ਮਾਮਲੇ ਸਾਹਮਣੇ ਆਉਣ ’ਤੇ ਸਿਹਤ ਵਿਭਾਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਤੋਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੁਖੀ ਹਨ। ਉਨ੍ਹਾਂ ਕਿਹਾ ਹੈ ਕਿ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਡੇਂਗੂ ਪੀੜਤਾਂ ਦੇ ਇਲਾਜ ਦੀ ਹੈ। ਡੇਂਗੂ ਦੇ ਮਾਮਲਿਆਂ ਤੇ ਪੀਣ ਵਾਲੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਦਾ ਜ਼ਿੰਮਾ ਸਥਾਨਕ ਸਰਕਾਰਾਂ ਤੇ ਪੇਂਡੂ ਵਿਕਾਸ ਵਿਭਾਗ ਦਾ ਹੈ।