ਸਬਜ਼ੀਆਂ ਸਾਡੀ ਰੋਜ਼ਾਨਾ ਡਾਇਟ ਦਾ ਇਕ ਅਹਿਮ ਹਿੱਸਾ ਹੁੰਦੀਆਂ ਹਨ। ਇਹ ਨਾ ਸਿਰਫ਼ ਸੁਆਦ ਵਿੱਚ ਵਧੀਆ ਹੁੰਦੀਆਂ ਹਨ, ਸਗੋਂ ਪੋਸ਼ਕ ਤੱਤਾਂ ਨਾਲ ਭਰਪੂਰ ਵੀ ਹੁੰਦੀਆਂ ਹਨ। ਪਰ ਸਿਰਫ਼ ਥੋੜ੍ਹੇ ਹੀ ਲੋਕ ਇਹ ਜਾਣਦੇ ਹਨ ਕਿ ਸਬਜ਼ੀਆਂ ਖਾਣ ਦਾ ਸਹੀ ਤਰੀਕਾ ਕੀ ਹੈ? ਅਕਸਰ ਅਸੀਂ ਇਹ ਸੋਚ ਕੇ ਸਬਜ਼ੀਆਂ ਨੂੰ ਤੇਲ ਵਿੱਚ ਤਲ ਲੈਂਦੇ ਹਾਂ ਕਿ ਇਹ ਕਰੰਚੀ ਅਤੇ ਟੇਸਟੀ ਬਣ ਜਾਣ। ਹਾਲਾਂਕਿ ਹਰ ਸਬਜ਼ੀ ਲਈ ਇਹ ਤਰੀਕਾ ਠੀਕ ਨਹੀਂ ਹੁੰਦਾ। ਕੁਝ ਸਬਜ਼ੀਆਂ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਜਦੋਂ ਤਲਿਆ ਜਾਂਦਾ ਹੈ ਤਾਂ ਉਹਨਾਂ ਦੇ ਜ਼ਰੂਰੀ ਪੋਸ਼ਕ ਤੱਤ ਖਤਮ ਹੋਣ ਲੱਗ ਜਾਂਦੇ ਹਨ। ਇਸ ਲਈ ਇਹਨਾਂ ਸਬਜ਼ੀਆਂ ਨੂੰ ਉਬਾਲ ਕੇ ਖਾਣਾ ਹੀ ਸਿਹਤਮੰਦ ਮੰਨਿਆ ਜਾਂਦਾ ਹੈ। ਆਓ ਜਾਣੀਏ ਅਜਿਹੀਆਂ ਕੁਝ ਸਬਜ਼ੀਆਂ ਦੇ ਬਾਰੇ।
ਬ੍ਰੋਕਲੀ ਨੂੰ ਕਦੇ ਵੀ ਤੇਲ ਵਿੱਚ ਨਾ ਤਲੋ
ਬ੍ਰੋਕਲੀ ਸਿਹਤ ਨੂੰ ਧਿਆਨ ਵਿੱਚ ਰੱਖਣ ਵਾਲੇ ਲੋਕਾਂ ਦੀ ਪਸੰਦੀਦਾ ਸਬਜ਼ੀ ਹੈ। ਇਸ ਤੋਂ ਸਲਾਦ, ਸੂਪ ਅਤੇ ਹੋਰ ਕਈ ਵਿਅੰਜਨ ਬਣਾਏ ਜਾਂਦੇ ਹਨ। ਪਰ ਬਹੁਤ ਸਾਰੇ ਲੋਕ ਸੁਆਦ ਅਤੇ ਕਰੰਚ ਦੇ ਚੱਕਰ ਵਿੱਚ ਇਸਨੂੰ ਤੇਲ ਵਿੱਚ ਤਲ ਲੈਂਦੇ ਹਨ, ਜਿਸ ਨਾਲ ਬ੍ਰੋਕਲੀ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਲਈ ਬ੍ਰੋਕਲੀ ਨੂੰ ਹਮੇਸ਼ਾਂ ਉਬਾਲ ਕੇ ਹੀ ਕਿਸੇ ਵੀ ਡਿਸ਼ ਵਿੱਚ ਵਰਤਣਾ ਚਾਹੀਦਾ ਹੈ, ਇਸ ਤਰ੍ਹਾਂ ਇਸ ਵਿੱਚ ਮੌਜੂਦ ਨਿਊਟ੍ਰੀਐਂਟਸ ਦੀ ਮਾਤਰਾ ਵੱਧ ਜਾਂਦੀ ਹੈ।
ਆਲੂ ਵੀ ਉਬਾਲ ਕੇ ਖਾਣੇ ਚਾਹੀਦੇ ਹਨ
ਅਕਸਰ ਲੋਕ ਆਲੂ ਨੂੰ ਤਲ ਕੇ ਖਾਂਦੇ ਹਨ। ਪਰ ਕਈ ਸਿਹਤ ਮਾਹਿਰ ਮੰਨਦੇ ਹਨ ਕਿ ਤੇਲ ਵਿੱਚ ਆਲੂ ਨੂੰ ਤਲਣ ਨਾਲ ਇਸ ਦੀ ਪੌਸ਼ਟਿਕਤਾ ਘਟ ਜਾਂਦੀ ਹੈ। ਇਸਦੀ ਥਾਂ ਜੇ ਤੁਸੀਂ ਆਲੂ ਨੂੰ ਉਬਾਲ ਕੇ ਖਾਓ ਜਾਂ ਉਸ ਦੀ ਕੋਈ ਹੋਰ ਡਿਸ਼ ਬਣਾਓ, ਤਾਂ ਇਹ ਹੋਰ ਵੱਧ ਸਿਹਤਮੰਦ ਰਹਿੰਦੀ ਹੈ।
ਪਾਲਕ
ਪਾਲਕ ਇਕ ਬਹੁਤ ਹੀ ਸਿਹਤਮੰਦ ਸਬਜ਼ੀ ਹੈ, ਪਰ ਜੇ ਇਸਨੂੰ ਤੇਲ ਵਿੱਚ ਤਲ ਕੇ ਖਾਇਆ ਜਾਵੇ ਤਾਂ ਇਸਦੇ ਕਈ ਪੋਸ਼ਕ ਤੱਤ ਨਾਸ਼ ਹੋ ਸਕਦੇ ਹਨ। ਪਾਲਕ ਵਿੱਚ ਆਇਰਨ ਅਤੇ ਫੋਲੇਟ ਵਧੀਆ ਮਾਤਰਾ ਵਿੱਚ ਮਿਲਦੇ ਹਨ, ਪਰ ਜਦੋਂ ਇਸਨੂੰ ਆਇਲ ਵਿੱਚ ਤਲਿਆ ਜਾਂਦਾ ਹੈ ਤਾਂ ਆਇਰਨ ਆਕਸੀਕਰਿਤ ਹੋ ਜਾਂਦਾ ਹੈ ਅਤੇ ਫੋਲੇਟ ਟੁੱਟਣ ਲੱਗ ਪੈਂਦਾ ਹੈ। ਇਨ੍ਹਾਂ ਦੇ ਨਾਲ-ਨਾਲ, ਤਲਣ ਨਾਲ ਪਾਲਕ ਵਧੇਰੇ ਤੇਲ ਵੀ ਅੰਦਰ ਲੈ ਲੈਂਦਾ ਹੈ, ਜਿਸ ਨਾਲ ਵਜ਼ਨ ਵਧਣ ਦਾ ਖਤਰਾ ਹੋ ਸਕਦਾ ਹੈ।
ਪੱਤਾ ਗੋਭੀ
ਜੇ ਤੁਸੀਂ ਪੱਤਾ ਗੋਭੀ ਸਿਰਫ਼ ਸੁਆਦ ਲਈ ਖਾ ਰਹੇ ਹੋ ਤਾਂ ਉਸਨੂੰ ਤੇਲ ਵਿੱਚ ਤਲ ਸਕਦੇ ਹੋ। ਪਰ ਜੇਕਰ ਤੁਸੀਂ ਇਸਨੂੰ ਆਪਣੀ ਡਾਇਟ ਵਿੱਚ ਵਜ਼ਨ ਘਟਾਉਣ ਜਾਂ ਡੈਲੀ ਗਟ ਹੈਲਥ ਲਈ ਸ਼ਾਮਲ ਕਰ ਰਹੇ ਹੋ, ਤਾਂ ਫਰਾਈ ਕਰਨਾ ਵਧੀਆ ਚੋਣ ਨਹੀਂ ਹੈ। ਅਸਲ ਵਿੱਚ, ਤੇਲ ਵਿੱਚ ਤਲਣ ਨਾਲ ਪੱਤਾ ਗੋਭੀ ਵਿੱਚ ਮੌਜੂਦ ਵਿਟਾਮਿਨ C, ਐਂਟੀ ਇੰਫਲਾਮਟਰੀ ਅਤੇ ਐਂਟੀ ਕੈਂਸਰ ਫਾਈਟੋਨਿਊਟ੍ਰੀਐਂਟਸ ਖਤਮ ਹੋ ਜਾਂਦੇ ਹਨ। ਇਸਦੇ ਨਾਲ ਹੀ ਇਹ ਵਧੇਰੇ ਤੇਲ ਵੀ ਅੰਦਰ ਲੈ ਲੈਂਦੀ ਹੈ, ਜਿਸ ਨਾਲ ਮੋਟਾਪਾ ਵਧਣ ਦਾ ਖਤਰਾ ਹੋ ਸਕਦਾ ਹੈ।
ਟਮਾਟਰ
ਟਮਾਟਰ ਵੀ ਇਕ ਅਜਿਹੀ ਸਬਜ਼ੀ ਹੈ ਜਿਸਨੂੰ ਲਗਭਗ ਹਰ ਕੋਈ ਤੇਲ ਵਿੱਚ ਤਲ ਕੇ ਹੀ ਖਾਂਦਾ ਹੈ। ਪਰ ਜੇਕਰ ਤੁਸੀਂ ਟਮਾਟਰ ਦੇ ਸਾਰੇ ਫਾਇਦੇ ਚਾਹੁੰਦੇ ਹੋ ਤਾਂ ਇਸਨੂੰ ਉਬਾਲ ਕੇ ਖਾਣਾ ਸਭ ਤੋਂ ਵਧੀਆ ਵਿਕਲਪ ਹੁੰਦਾ ਹੈ। ਅਸਲ ਵਿੱਚ, ਫਰਾਈ ਕਰਨ ਨਾਲ ਟਮਾਟਰ ਵਿੱਚ ਮੌਜੂਦ ਵਿਟਾਮਿਨ C ਲਗਭਗ 50 ਫੀਸਦੀ ਤੱਕ ਘਟ ਸਕਦਾ ਹੈ। ਜਦੋਂ ਕਿ ਉਬਾਲਣ ਨਾਲ ਟਮਾਟਰ ਵਿੱਚ ਮੌਜੂਦ ਲਾਇਕੋਪੀਨ ਦੀ ਮਾਤਰਾ ਕਾਫੀ ਵੱਧ ਜਾਂਦੀ ਹੈ। ਇਸ ਨਾਲ ਇਹ ਹਜ਼ਮ ਕਰਨ ਵਿੱਚ ਵੀ ਆਸਾਨ ਹੋ ਜਾਂਦਾ ਹੈ ਅਤੇ ਪਾਚਣ ਤੰਤਰ ਲਈ ਲਾਭਕਾਰੀ ਸਾਬਤ ਹੁੰਦਾ ਹੈ।
ਮਟਰ
ਮਟਰ ਨੂੰ ਵੀ ਉਬਾਲ ਕੇ ਖਾਣਾ ਹੀ ਸਿਹਤਮੰਦ ਮੰਨਿਆ ਜਾਂਦਾ ਹੈ। ਮਟਰ ਵਿੱਚ ਪਲਾਂਟ ਬੇਸਡ ਪ੍ਰੋਟੀਨ, ਵਿਟਾਮਿਨ K ਅਤੇ ਵਿਟਾਮਿਨ B ਕੰਪਲੈਕਸ ਪਾਏ ਜਾਂਦੇ ਹਨ। ਜਦੋਂ ਮਟਰ ਨੂੰ ਤੇਲ ਵਿੱਚ ਤਲਿਆ ਜਾਂਦਾ ਹੈ ਤਾਂ ਇਸ ਵਿੱਚ ਮੌਜੂਦ ਪ੍ਰੋਟੀਨ ਸਰੀਰ ਵੱਲੋਂ ਠੀਕ ਢੰਗ ਨਾਲ ਨਹੀਂ ਅਪਣਾਇਆ ਜਾਂਦਾ। ਨਾਲ ਹੀ, ਵਿਟਾਮਿਨ B ਕੰਪਲੈਕਸ ਦੀ ਗੁਣਵੱਤਾ ਵੀ ਘਟ ਜਾਂਦੀ ਹੈ। ਇਸ ਲਈ ਮਟਰ ਨੂੰ ਹਮੇਸ਼ਾਂ ਸਟੀਮ ਕਰਕੇ ਜਾਂ ਗਰੇਵੀ ਵਿੱਚ ਪਕਾ ਕੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਬੀਨਸ
ਬੀਨਸ ਬਹੁਤ ਹੀ ਸਿਹਤਮੰਦ ਸਬਜ਼ੀ ਮੰਨੀ ਜਾਂਦੀ ਹੈ। ਇਸ ਵਿੱਚ ਸੋਡੀਅਮ, ਫਾਈਬਰ, ਕੈਲਸ਼ੀਅਮ ਅਤੇ ਵੱਖ-ਵੱਖ ਵਿਟਾਮਿਨ ਵਧੀਆ ਮਾਤਰਾ ਵਿੱਚ ਹੁੰਦੇ ਹਨ। ਪਰ ਜਦੋਂ ਬੀਨਸ ਨੂੰ ਤੇਲ ਵਿੱਚ ਤਲਿਆ ਜਾਂਦਾ ਹੈ ਤਾਂ ਇਹਨਾਂ ਵਿੱਚ ਮੌਜੂਦ ਪੋਸ਼ਕ ਤੱਤ ਨਾਸ਼ ਹੋਣ ਲੱਗ ਪੈਂਦੇ ਹਨ। ਇਸ ਲਈ ਮਾਹਿਰ ਹਮੇਸ਼ਾ ਬੀਨਸ ਨੂੰ ਉਬਾਲ ਕੇ ਖਾਣ ਦੀ ਸਲਾਹ ਦਿੰਦੇ ਹਨ। ਤੁਸੀਂ ਕੋਈ ਵੀ ਡਿਸ਼ ਬਣਾਓ, ਬੀਨਸ ਨੂੰ ਪਹਿਲਾਂ ਉਬਾਲੋ ਅਤੇ ਫਿਰ ਇਸਤੇਮਾਲ ਕਰੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।