ਚੰਡੀਗੜ੍ਹ: ਯੋਗ ਨਾਲ ਕਈ ਸਰੀਰਕ ਬਿਮਾਰੀਆਂ ਤੋਂ ਛੁਟਕਾਰਾ ਮਿਲਣ ਦੀ ਗੱਲ ਪਹਿਲਾਂ ਹੀ ਸਾਹਮਣੇ ਆ ਚੁੱਕੀ ਹੈ। ਕੈਨੇਡਾਈ ਖੋਜਕਰਤਾਵਾਂ ਦੇ ਤਾਜ਼ਾ ਅਧਿਐਨ 'ਚ ਇਸ ਦੇ ਨਵੇਂ ਫਾਇਦੇ ਸਾਹਮਣੇ ਆਏ ਹਨ।

ਵਾਟਰਲੂ ਯੂਨੀਵਰਸਿਟੀ ਦੇ ਮਾਹਿਰਾਂ ਨੇ ਦੱਸਿਆ ਕਿ ਰੋਜ਼ਾਨਾ 25 ਮਿੰਟ ਤਕ ਯੋਗ ਕਰਨ ਨਾਲ ਦਿਮਾਗ਼ ਦੀ ਕਾਰਜ ਸਮਰੱਥਾ ਮਜ਼ਬੂਤ ਹੋਣ ਤੋਂ ਇਲਾਵਾ ਸਰੀਰ 'ਚ ਊਰਜਾ ਦੇ ਪੱਧਰ 'ਚ ਵੀ ਇਜ਼ਾਫਾ ਹੁੰਦਾ ਹੈ।

ਰੋਜ਼ਾਨਾ ਧਿਆਨ ਲਾਉਣਾ ਸਰੀਰ ਤੇ ਮਾਨਸਿਕ ਸਿਹਤ ਲਈ ਲਾਭਕਾਰੀ ਸਾਬਤ ਹੋ ਸਕਦਾ ਹੈ। ਪ੍ਰੋਫੈਸਰ ਪੀਟਰ ਹਾਲ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਫਾਇਦਿਆਂ ਨਾਲ ਰੋਜ਼ਾਨਾ ਜੀਵਨ 'ਚ ਵੀ ਯੋਗ ਦੇ ਕਈ ਲਾਭ ਹੋ ਸਕਦੇ ਹਨ। ਇਸ ਦਾ ਪੂਰੇ ਜੀਵਨ 'ਤੇ ਸਕਾਰਾਤਮਕ ਅਸਰ ਪੈਣ ਦੀ ਗੱਲ ਵੀ ਕਹੀ ਗਈ ਹੈ।

ਬਦਲਦੇ ਜੀਵਨ ਢੰਗ ਕਾਰਨ ਕਈ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਖੋਜ ਦੇ ਨਤੀਜਿਆਂ 'ਤੇ ਗ਼ੌਰ ਕਰੀਏ ਤਾਂ ਯੋਗ ਇਸ ਨਾਲ ਨਜਿੱਠਣ 'ਚ ਕਾਰਗਰ ਸਾਬਤ ਹੋ ਸਕਦਾ ਹੈ।