ਵਾਸ਼ਿੰਗਟਨ : ਅਮਰੀਕੀ ਵਿਗਿਆਨੀਆਂ ਦੀ ਤਾਜ਼ਾ ਖੋਜ ਨਾਲ ਮੈਡੀਕਲ ਦੇ ਖੇਤਰ ਵਿਚ ਨਵੇਂ ਦੁਆਰ ਖੁੱਲ੍ਹ ਸਕਦੇ ਹਨ। ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੋ ਸਕਦਾ ਹੈ। ਜੀ ਹਾਂ! ਖੋਜਾਰਥੀਆਂ ਨੇ ਸਰੀਰ 'ਤੇ ਵਧਦੇ ਉਮਰ ਦੇ ਅਸਰ ਨੂੰ ਘੱਟ ਕਰਨ 'ਚ ਸਮਰੱਥ ਐਂਜਾਇਮ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ। ਇਸ ਦੀ ਮਦਦ ਨਾਲ ਪਾਰਕਿਨਸਨ ਵਰਗੀਆਂ ਖ਼ਤਰਨਾਕ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਨਵੇਂ ਕੰਪਾਊਂਡ 'ਚ ਸਹੀ ਤਬਦੀਲੀ ਕਰ ਕੇ ਵੱਡੀ ਉਮਰ 'ਚ ਵੀ ਸਿਹਤ ਜੀਵਨ ਦਾ ਆਨੰਦ ਮਾਣਿਆ ਜਾ ਸਕਦਾ ਹੈ। ਪਹਿਲਾਂ ਦੇ ਅਧਿਐਨਾਂ 'ਚ ਉਮਰ ਦਾ ਸਰੀਰ 'ਤੇ ਪੈਣ ਵਾਲੇ ਅਸਰ 'ਚ ਸੈੱਲਜ਼ ਦੀ ਭੂਮਿਕਾ ਸਾਹਮਣੇ ਆਈ ਸੀ। ਮਾਇਟੋਕਾਂਡ੍ਰੀਆ 'ਚ ਤਬਦੀਲੀ ਵੀ ਵਧਦੀ ਉਮਰ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ।
ਖੋਜਾਰਥੀਆਂ ਨੇ ਕਿਹਾ ਕਿ ਐੱਨਏਡੀ-ਪਲੱਸ ਨਾਂ ਦੇ ਐਂਜਾਇਮ ਡੀਐੱਨਏ ਨੂੰ ਸਹੀ ਕਰਨ ਅਤੇ ਮਾਇਟੋਕਾਂਡ੍ਰੀਆ ਦੀ ਕੰਮ ਦੀ ਸਮਰੱਥਾ ਵਧਾਉਣ 'ਚ ਸਮਰੱਥ ਹੈ। ਇਸ ਵਿਚ ਕਮੀ ਆਉਣ 'ਤੇ ਵਧਦੀ ਉਮਰ ਦਾ ਸਰੀਰ 'ਤੇ ਉਲਟਾ ਅਸਰ ਪੈਂਦਾ ਹੈ। ਤਾਜ਼ਾ ਖੋਜ ਰਾਹੀਂ ਇਸ ਨੂੰ ਦੂਰ ਕਰਨ ਦਾ ਰਾਹ ਪੱਧਰਾ ਹੋ ਸਕਦਾ ਹੈ।