ਖੇਤੀ ਨੂੰ ਨੁਕਸਾਨ
ਪੰਜਾਬ ਵਿਚ ਤਕਰੀਬਨ 65 ਲੱਖ ਏਕੜ ਰਕਬੇ ਵਿਚ ਝੋਨੇ ਦੀ ਖੇਤੀ ਹੁੰਦੀ ਹੈ ਤੇ ਇਥੇ ਇਕ ਕਿੱਲੇ ਵਿਚ 2.5 ਤੋਂ 3.0 ਟਨ ਪਰਾਲੀ ਪੈਦਾ ਹੁੰਦੀ ਹੈ। ਇਕ ਕਿੱਲੇ ਦੀ ਪਰਾਲੀ ਸਾੜਨ ਨਾਲ ਤਕਰੀਬਨ 32 ਕਿਲੋ ਯੂਰੀਆ, 5.5 ਕਿਲੋ ਡੀ.ਏ.ਪੀ. ਅਤੇ 51 ਕਿਲੋ ਪੋਟਾਸ਼ ਖਾਦ ਸੜ ਜਾਂਦੀ ਹੈ। ਖੇਤੀਬਾੜੀ ਤੇ ਵਾਤਾਵਰਣ ਮਾਹਰਾਂ ਮੁਤਾਬਕ ਪਰਾਲੀ ਸਾੜਨ ਨਾਲ ਫ਼ਸਲਾਂ ਦੇ ਵਧਣ-ਫੁਲਣ ਲਈ ਲੋੜੀਂਦੀ ਮੱਲੜ ਅਤੇ 38 ਲੱਖ ਟਨ ਆਰਗੈਨਿਕ ਕਾਰਬਨ ਸੜ ਜਾਂਦੇ ਹਨ ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਘਟਦੀ ਹੈ। ਝੋਨੇ ਨੂੰ ਪੈਦਾ ਕਰਨ ਲਈ ਖੇਤਾਂ ਵਿਚ ਪਾਈ ਇਕ ਤਿਹਾਈ ਨਾਈਟਰੋਜਨ ਅਤੇ ਸਲਫ਼ਰ, 75 ਫ਼ੀ ਸਦੀ ਪੋਟਾਸ਼ ਅਤੇ 25 ਫ਼ੀ ਸਦੀ ਫ਼ਾਸਫ਼ੋਰਸ ਝੋਨੇ ਦੀ ਨਾੜ ਵਿਚ ਰਹਿੰਦੀ ਹੈ ਪਰ ਨਾੜ ਨੂੰ ਅੱਗ ਲਾਉਣ ਉਪਰੰਤ ਇਹ ਤੱਤ ਆਕਸੀਜਨ ਦੀ ਮੌਜੂਦਗੀ ਵਿਚ ਅੱਗ ਨਾਲ ਕਿਰਿਆ ਕਰ ਕੇ ਜ਼ਹਿਰੀਲੇ ਆਕਸਾਈਡਾਂ ਦੇ ਰੂਪ ਵਿਚ ਵਾਤਾਵਰਣ ਗੰਧਲਾ ਕਰਦੇ ਹਨ।
ਸਿਹਤ ਨੂੰ ਨੁਕਸਾਨ
ਇਸ ਤੋਂ ਬਿਨਾਂ ਝੋਨੇ ਦੀ ਨਾੜ ਦੇ ਧੂੰਏ ਤੋਂ ਪੈਦਾ ਹੋਈ ਜ਼ਹਿਰੀਲੀ ਗੈਸ ਕਾਰਬਨ ਮੋਨੋ ਆਕਸਾਈਡ, ਲਾਲ ਕਣਾਂ ਨਾਲ ਕਿਰਿਆ ਕਰ ਕੇ ਖ਼ੂਨ ਦੀ ਆਕਸੀਜਨ ਲੈ ਜਾਣ ਦੀ ਸਮਰਥਾ ਘਟਾਉਦੀ ਹੈ। ਕਾਰਬਨ ਡਾਈਅਕਸਾਈਡ ਅੱਖਾਂ ਅਤੇ ਸਾਹ ਨਲੀ ਵਿਚ ਜਲਣ ਪੈਦਾ ਕਰਦੀ ਹੈ। ਜ਼ਹਿਰੀਲੀਆਂ ਗੈਸਾਂ ਦਾ ਸੱਭ ਤੋਂ ਵੱਧ ਅਸਰ ਬੱਚਿਆਂ ‘ਤੇ ਹੁੰਦਾ ਹੈ ਕਿਉਂਕਿ ਬੱਚਿਆਂ ਦੀ ਮੈਟਾਬੋਲਿਕ ਐਕਟੀਵਿਟੀ ਤੇਜ਼ ਹੋਣ ਕਾਰਨ ਉਨ੍ਹਾਂ ਵਿਚ ਗੈਸਾਂ ਨੂੰ ਸਮੋਹਣ ਦੀ ਸਮਰਥਾ ਜ਼ਿਆਦਾ ਹੁੰਦੀ ਹੈ। ਖੇਤਾਂ ਵਿਚੋਂ ਪੈਦਾ ਹੋਏ ਇਸ ਧੂੰਏ ਦੀਆਂ ਜ਼ਹਿਰੀਲੀਆਂ ਗੈਸਾਂ ਗਰਭਵਤੀ ਔਰਤਾਂ ਅਤੇ ਗਰਭ ਵਿਚ ਪਲ ਰਹੇ ਬੱਚਿਆਂ ‘ਤੇ ਮਾਰੂ ਅਸਰ ਕਰਦੀਆਂ ਹਨ।
ਇਹ ਬਿਮਾਰੀਆਂ ਲੱਗ ਸਕਦੀਆਂ
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਮਨਪ੍ਰੀਤ ਸਿੰਘ ਨੇ ਦਸਿਆ ਕਿ ਬੋਰਡ ਵਲੋਂ ਕੀਤੇ ਅਧਿਐਨ ਮੁਤਾਬਕ ਝੋਨੇ ਦੇ ਵੱਢਾਂ ਨੂੰ ਅੱਗ ਲਾਉਣ ਦੇ ਦਿਨਾਂ ਵਿਚ ਸਾਹ ਨਾਲ ਅੰਦਰ ਜਾਣ ਵਾਲੇ ਮਹੀਨ ਧੂੜ ਕਣਾਂ ਦੀ ਤਦਾਦ 425 ਮਿਲੀਗ੍ਰਾਮ ਪ੍ਰਤੀ ਘਣ ਮੀਟਰ ਪਾਈ ਗਈ ਹੈ ਜਦਕਿ ਇਹ ਤਦਾਦ ਆਮ ਹਾਲਾਤ ਵਿਚ 60 ਮਿਲੀਗ੍ਰਾਮ ਪ੍ਰਤੀ ਘਣ ਮੀਟਰ ਨਿਰਧਾਰਤ ਕੀਤੀ ਗਈ ਹੈ। ਇਨ੍ਹਾਂ ਸੂਖ਼ਮ ਕਣਾਂ ਦੇ ਸਾਹ ਵਿਚ ਜਾਣ ਨਾਲ ਸਾਹ ਦੀਆਂ ਬੀਮਾਰੀਆਂ ਜਿਵੇਂ ਦਮਾ, ਖੰਘ, ਫੇਫੜਿਆਂ ਦੇ ਕੈਂਸਰ, ਸਾਹ ਨਾਲੀ ਦੀ ਸੋਜ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਇਲਾਜ ਲਈ ਉਮਰ ਭਰ ਦਵਾਈ ਖਾਣੀ ਪੈਂਦੀ ਹੈ।
ਜੀਵ-ਜੰਤੂਆਂ ਨੂੰ ਨੁਕਸਾਨ
ਅੱਗ ਲਾਉਣ ਨਾਲ ਜ਼ਮੀਨ ਦੀ ਤਹਿ ‘ਤੇ ਮੌਜੂਦਾ ਸਾਰੇ ਕਾਰਬਨ ਤੱਤ ਅਲੋਪ ਹੋ ਜਾਂਦੇ ਹਨ ਜਦਕਿ ਕਿਸਾਨ ਦੇ ਮਿੱਤਰ ਕੀੜੇ, ਬੈਕਟੀਰੀਆ, ਉਲੀ, ਕਾਈ, ਮਹੀਨ ਕੀੜੇ ਅੱਗ ਵਿਚ ਝੁਲਸ ਕੇ ਮਿੰਟਾਂ ਸਕਿੰਟਾਂ ਵਿਚ ਖ਼ਤਮ ਹੋ ਜਾਂਦੇ ਹਨ। ਇਕ ਅੰਦਾਜ਼ੇ ਮੁਤਾਬਕ ਝੋਨੇ ਦੇ ਖੇਤਾਂ ਵਿਚ ਲੱਗੀ ਅੱਗ ਦੇ ਧੂੰਏ ਵਿਚੋਂ ਤਕਰੀਬਨ 26 ਲੱਖ ਟਨ ਕਾਰਬਨ ਮੋਨੋ ਅਕਸਾਈਡ, 20 ਹਜ਼ਾਰ ਟਨ ਨਾਈਟਰਸ ਅਕਸਾਈਡ, 3 ਹਜ਼ਾਰ ਟਨ ਮੀਥੇਨ, 30 ਹਜ਼ਾਰ ਟਨ ਮਹੀਨ ਕਣ ਤੇ 28 ਹਜ਼ਾਰ ਟਨ ਅੱਤ-ਮਹੀਨ ਕਣ ਵਾਤਾਵਰਣ ਵਿਚ ਮਿਲਦੇ ਹਨ। ਇਹ ਗੈਸਾਂ ਅਤੇ ਕਣ ਧਰਤੀ ਤੇ ਜੀਵਨ ਲਈ ਬਹੁਤ ਹੀ ਹਾਨੀ ਕਾਰਕ ਹਨ।
ਹਾਦਸਿਆਂ ਦਾ ਕਾਰਨ
ਅੱਗ ਸਾਡੇ ਘਰਾਂ, ਪਿੰਡਾਂ ਅਤੇ ਸ਼ਹਿਰਾਂ ਤਕ ਪਹੁੰਚ ਕੇ ਵੱਡਾ ਨੁਕਸਾਨ ਕਰ ਸਕਦੀ ਹੈ ਤੇ ਇਸ ਕਾਰਨ ਧੂੰਏ ਕਾਰਨ ਵਾਪਰਦੇ ਹਾਦਸਿਆਂ ਨਾਲ ਜਾਨ ਤੇ ਮਾਲ ਵੀ ਨੁਕਸਾਨੇ ਜਾਂਦੇ ਹਨ।