ਸਾਡੇ ਦੇਸ਼ ਵਿੱਚ ਜ਼ਿਆਦਾਤਰ ਲੋਕਾਂ ਦਾ ਦਿਨ ਚਾਹ ਜਾਂ ਕਾਫੀ ਨਾਲ ਹੀ ਸ਼ੁਰੂ ਹੁੰਦਾ ਹੈ। ਕੁਝ ਲੋਕ ਤਾਂ ਦਿਨ ਵਿੱਚ ਕਈ ਵਾਰੀ ਚਾਹ-ਕਾਫੀ ਪੀ ਲੈਂਦੇ ਹਨ। ਪਰ ਜੇ ਤੁਹਾਨੂੰ ਕਿਹਾ ਜਾਵੇ ਕਿ ਇਹ ਤੁਹਾਡੀਆਂ ਮਨਪਸੰਦ ਡ੍ਰਿੰਕਸ ਕੈਂਸਰ ਦਾ ਕਾਰਣ ਬਣ ਸਕਦੀਆਂ ਹਨ, ਤਾਂ ਕੀ ਤੁਸੀਂ ਯਕੀਨ ਕਰੋਗੇ? ਜੀ ਹਾਂ, ਹਾਲ ਹੀ ਵਿੱਚ ਹੋਈਆਂ ਕੁਝ ਰਿਸਰਚਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ।

ਅਸਲ ਵਿੱਚ ਚਾਹ-ਕਾਫੀ ਵਿੱਚ ਸਿੱਧੇ ਤੌਰ 'ਤੇ ਅਜਿਹੇ ਤੱਤ ਨਹੀਂ ਹੁੰਦੇ ਜੋ ਕੈਂਸਰ ਪੈਦਾ ਕਰਨ, ਪਰ ਇਹਨਾਂ ਨੂੰ ਪੀਣ ਦਾ ਤਰੀਕਾ ਵਾਕਈ ਜ਼ਿੰਮੇਵਾਰ ਹੋ ਸਕਦਾ ਹੈ। ਡਾਕਟਰ ਅਦਿਤਿਜ ਧਮੀਜਾ ਨੇ ਇੱਕ ਪੋਸਟ ਰਾਹੀਂ ਇਸ ਬਾਰੇ ਵਿਸਥਾਰ ਨਾਲ ਦੱਸਿਆ ਹੈ। ਆਓ ਜਾਣਦੇ ਹਾਂ।

ਇਹ ਗਲਤੀ ਬਣ ਸਕਦੀ ਹੈ ਕੈਂਸਰ ਦੀ ਵਜ੍ਹਾ

ਡਾਕਟਰ ਧਮੀਜਾ ਕਹਿੰਦੇ ਹਨ ਕਿ ਜੇਕਰ ਤੁਸੀਂ ਬਹੁਤ ਜ਼ਿਆਦਾ ਗਰਮ ਚਾਹ ਜਾਂ ਕਾਫੀ ਪੀਂਦੇ ਹੋ, ਤਾਂ ਕੈਂਸਰ ਦਾ ਖਤਰਾ ਵਧ ਸਕਦਾ ਹੈ। ਕਈ ਰਿਸਰਚਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਅਸਲ ਵਿੱਚ ਕਈ ਲੋਕਾਂ ਨੂੰ ਬਹੁਤ ਗਰਮ ਚਾਹ ਚੁਸਕੀਆਂ ਲੈਂਦਿਆਂ ਪੀਣ ਦੀ ਆਦਤ ਹੁੰਦੀ ਹੈ। ਜਦੋਂ ਤੁਸੀਂ ਰੋਜ਼ਾਨਾ ਅਜਿਹਾ ਕਰਦੇ ਹੋ, ਤਾਂ ਇਸ ਨਾਲ ਭੋਜਨ ਨਲੀ (Esophagus) ਕੈਂਸਰ ਦਾ ਖਤਰਾ ਵਧ ਸਕਦਾ ਹੈ। ਤੇਜ਼ ਗਰਮੀ ਫੂਡ ਪਾਈਪ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਇਰੀਟੇਸ਼ਨ ਅਤੇ ਕੋਸ਼ਿਕਾਵਾਂ ਵਿੱਚ ਬਦਲਾਅ ਆ ਸਕਦਾ ਹੈ।

ਧਿਆਨ ਰੱਖੋ ਇਹ ਗੱਲਾਂ

ਡਾਕਟਰਾਂ ਦਾ ਕਹਿਣਾ ਹੈ ਕਿ ਚਾਹ ਜਾਂ ਕਾਫੀ ਪੀਣਾ ਕੈਂਸਰ ਲਈ ਜ਼ਿੰਮੇਵਾਰ ਨਹੀਂ ਹੈ, ਸਿਰਫ਼ ਲੋੜ ਹੈ ਤਾਂ ਪੀਣ ਦਾ ਤਰੀਕਾ ਬਦਲਣ ਦੀ। ਜਦੋਂ ਵੀ ਚਾਹ ਜਾਂ ਕਾਫੀ ਪੀਓ, ਤਾਂ ਥੋੜ੍ਹੀ ਦੇਰ ਰੁਕੋ ਅਤੇ ਇਸਨੂੰ ਨਾਰਮਲ ਟੈਂਪਰੇਚਰ ਹੋਣ ਤੋਂ ਬਾਅਦ ਹੀ ਪੀਓ। ਇਸ ਨਾਲ ਸਵਾਦ ਵੀ ਵਧੀਆ ਆਉਂਦਾ ਹੈ ਅਤੇ ਸਿਹਤ ਸੰਬੰਧੀ ਖਤਰੇ ਵੀ ਘੱਟ ਹੁੰਦੇ ਹਨ।

ਇਸ ਤੋਂ ਇਲਾਵਾ ਦਿਨ ਭਰ ਵਿੱਚ ਬਹੁਤ ਜ਼ਿਆਦਾ ਚਾਹ-ਕਾਫੀ ਪੀਣ ਤੋਂ ਵੀ ਬਚੋ, ਕਿਉਂਕਿ ਇਹਨਾਂ ਦੇ ਹੋਰ ਕਈ ਸਾਈਡ ਇਫੈਕਟ ਵੀ ਹੁੰਦੇ ਹਨ।

ਜ਼ਿਆਦਾ ਗਰਮ ਖਾਣ ਤੋਂ ਵੀ ਪਰਹੇਜ਼ ਕਰੋ

ਖਤਰਾ ਸਿਰਫ ਬਹੁਤ ਗਰਮ ਚਾਹ ਜਾਂ ਕਾਫੀ ਪੀਣ ਨਾਲ ਹੀ ਨਹੀਂ ਹੁੰਦਾ, ਬਲਕਿ ਬਹੁਤ ਗਰਮ ਖਾਣਾ ਖਾਣ ਜਾਂ ਪਾਣੀ ਪੀਣ ਨਾਲ ਵੀ ਹੁੰਦਾ ਹੈ। ਜੇਕਰ ਤੁਸੀਂ ਵੀ ਹਰ ਰੋਜ਼ ਬਹੁਤ ਗਰਮ ਖਾਣਾ ਖਾਂਦੇ ਹੋ, ਤਾਂ ਇਸ ਆਦਤ ਨੂੰ ਬਦਲੋ। ਇਹ ਸਿੱਧਾ ਤੁਹਾਡੀ ਭੋਜਨ ਨਲੀ (Food Pipe) ਨੂੰ ਨੁਕਸਾਨ ਪਹੁੰਚਾਉਂਦਾ ਹੈ, ਜੋ ਸਮੇਂ ਦੇ ਨਾਲ ਕੈਂਸਰ ਦਾ ਕਾਰਨ ਬਣ ਸਕਦਾ ਹੈ।

ਇਸ ਲਈ ਚਾਹੇ ਖਾਣਾ ਹੋਵੇ ਜਾਂ ਕੋਈ ਵੀ ਡ੍ਰਿੰਕ, ਬਹੁਤ ਜ਼ਿਆਦਾ ਗਰਮ ਟੈਂਪਰੇਚਰ 'ਤੇ ਕੁਝ ਵੀ ਖਾਣ-ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

 

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।