Benefits of Quitting Smartphone : ਅੱਜ ਦੇ ਸਮੇਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜਿਹੜਾ ਸਮਾਰਟਫੋਨ ਦੀ ਵਰਤੋਂ ਨਾ ਕਰਦਾ ਹੋਵੇ। ਸਵੇਰੇ ਅੱਖ ਖੁੱਲਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਜ਼ਿਆਦਾਤਰ ਲੋਕਾਂ ਦਾ ਕਾਫ਼ੀ ਸਮਾਂ ਮੋਬਾਈਲ ਸਕ੍ਰੀਨ ਦੇ ਸਾਹਮਣੇ ਹੀ ਲੰਘਦਾ ਹੈ। ਸੋਸ਼ਲ ਮੀਡੀਆ, ਵੀਡੀਓਜ਼, ਗੇਮਾਂ ਅਤੇ ਲਗਾਤਾਰ ਆਉਣ ਵਾਲੀਆਂ ਨੋਟੀਫਿਕੇਸ਼ਨਾਂ ਲੋਕਾਂ ਨੂੰ ਘੰਟਿਆਂ ਫੋਨ ਨਾਲ ਜੋੜੀ ਰੱਖਦੀਆਂ ਹਨ।
ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਇੱਕ ਮਹੀਨੇ ਲਈ ਸਮਾਰਟਫੋਨ ਤੋਂ ਦੂਰੀ ਬਣਾ ਲਈ ਜਾਵੇ ਤਾਂ ਇਸ ਦਾ ਸਰੀਰ ਅਤੇ ਦਿਮਾਗ 'ਤੇ ਕੀ ਅਸਰ ਪੈ ਸਕਦਾ ਹੈ? ਹਾਲ ਹੀ ਵਿੱਚ ਕਈ ਲੋਕਾਂ ਨੇ ਇੱਕ ਮਹੀਨੇ ਤੱਕ ਸਮਾਰਟਫੋਨ ਦੀ ਵਰਤੋਂ ਛੱਡ ਕੇ ਆਪਣੇ ਤਜਰਬੇ ਸਾਂਝੇ ਕੀਤੇ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕਈ ਸਕਾਰਾਤਮਕ ਬਦਲਾਅ ਮਹਿਸੂਸ ਹੋਏ।
ਦਿਮਾਗ ਹੋ ਸਕਦਾ ਹੋਰ ਸ਼ਾਂਤ ਅਤੇ ਕੇਂਦ੍ਰਿਤਸਮਾਰਟਫੋਨ ਦੀ ਲਗਾਤਾਰ ਵਰਤੋਂ ਦਿਮਾਗ ਨੂੰ ਹਰ ਵੇਲੇ ਨਵੀਂ ਜਾਣਕਾਰੀ ਅਤੇ ਨੋਟੀਫਿਕੇਸ਼ਨਾਂ ਨਾਲ ਘੇਰੀ ਰੱਖਦੀ ਹੈ। ਇਸ ਕਾਰਨ ਧਿਆਨ ਭਟਕਣਾ ਅਤੇ ਕਿਸੇ ਇੱਕ ਕੰਮ 'ਤੇ ਲੰਬੇ ਸਮੇਂ ਤੱਕ ਫੋਕਸ ਨਾ ਕਰ ਪਾਉਣਾ ਆਮ ਗੱਲ ਬਣ ਜਾਂਦੀ ਹੈ। ਜਿਨ੍ਹਾਂ ਲੋਕਾਂ ਨੇ ਇੱਕ ਮਹੀਨੇ ਲਈ ਸਮਾਰਟਫੋਨ ਤੋਂ ਦੂਰੀ ਬਣਾਈ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਧਿਆਨ ਪਹਿਲਾਂ ਨਾਲੋਂ ਬਿਹਤਰ ਹੋ ਗਿਆ ਅਤੇ ਉਹ ਆਪਣੇ ਕੰਮ 'ਤੇ ਵੱਧ ਕੇਂਦ੍ਰਿਤ ਰਹਿਣ ਲੱਗੇ।
ਨੀਂਦ ਵਿੱਚ ਹੋ ਸਕਦਾ ਸੁਧਾਰ
ਕਈ ਲੋਕ ਸੌਣ ਤੋਂ ਪਹਿਲਾਂ ਲੰਬੇ ਸਮੇਂ ਤੱਕ ਫੋਨ ਚਲਾਉਂਦੇ ਰਹਿੰਦੇ ਹਨ। ਇਸ ਨਾਲ ਅੱਖਾਂ ਅਤੇ ਦਿਮਾਗ ਨੂੰ ਆਰਾਮ ਨਹੀਂ ਮਿਲਦਾ। ਸਮਾਰਟਫੋਨ ਤੋਂ ਦੂਰੀ ਬਣਾਉਣ ਤੋਂ ਬਾਅਦ ਕਈ ਲੋਕਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਨੀਂਦ ਪਹਿਲਾਂ ਨਾਲੋਂ ਬਿਹਤਰ ਹੋ ਗਈ। ਉਹ ਜਲਦੀ ਸੌਣ ਲੱਗੇ ਅਤੇ ਸਵੇਰੇ ਹੋਰ ਤਾਜ਼ਗੀ ਮਹਿਸੂਸ ਕਰਨ ਲੱਗੇ। ਮਾਹਿਰਾਂ ਦੇ ਅਨੁਸਾਰ ਵੀ ਸਕ੍ਰੀਨ ਟਾਈਮ ਘਟਾਉਣ ਨਾਲ ਨੀਂਦ ਦੀ ਗੁਣਵੱਤਾ 'ਤੇ ਚੰਗਾ ਅਸਰ ਪੈਂਦਾ ਹੈ।
ਰਿਸ਼ਤਿਆਂ ਅਤੇ ਸਮਾਜਿਕ ਜੀਵਨ ਵਿੱਚ ਸੁਧਾਰਜਦੋਂ ਫੋਨ ਹੱਥ ਵਿੱਚ ਨਹੀਂ ਹੁੰਦਾ ਤਾਂ ਲੋਕ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਅਤੇ ਲੋਕਾਂ ਵੱਲ ਵੱਧ ਧਿਆਨ ਦੇਣ ਲੱਗਦੇ ਹਨ। ਕਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਵੱਧ ਸਮਾਂ ਬਿਤਾਇਆ। ਕੁਝ ਲੋਕਾਂ ਨੇ ਨਵੇਂ ਦੋਸਤ ਵੀ ਬਣਾਏ ਅਤੇ ਆਮਨੇ-ਸਾਮਨੇ ਗੱਲਬਾਤ ਕਰਨ ਵਿੱਚ ਵੱਧ ਦਿਲਚਸਪੀ ਦਿਖਾਈ। ਫੋਨ ਦੀ ਥਾਂ ਕਿਤਾਬਾਂ ਪੜ੍ਹਨਾ, ਸੈਰ ਕਰਨਾ ਜਾਂ ਆਪਣੇ ਸ਼ੌਕਾਂ ਲਈ ਸਮਾਂ ਕੱਢਣਾ ਆਸਾਨ ਹੋ ਗਿਆ। ਇਸ ਨਾਲ ਮਾਨਸਿਕ ਸੰਤੁਸ਼ਟੀ ਵੀ ਵਧੀ।
ਹਰ ਖਾਲੀ ਵੇਲੇ ਫੋਨ ਦੇਖਣ ਦੀ ਆਦਤ ਛੁੱਟ ਸਕਦੀ ਸਮਾਰਟਫੋਨ ਦੀ ਸਭ ਤੋਂ ਵੱਡੀ ਆਦਤ ਇਹ ਹੈ ਕਿ ਲੋਕਾਂ ਨੂੰ ਜਿਵੇਂ ਹੀ ਥੋੜ੍ਹਾ ਸਮਾਂ ਮਿਲਦਾ ਹੈ, ਉਹ ਫੋਨ ਚੈੱਕ ਕਰਨ ਲੱਗ ਪੈਂਦੇ ਹਨ। ਇੱਕ ਮਹੀਨੇ ਤੱਕ ਫੋਨ ਤੋਂ ਦੂਰ ਰਹਿਣ ਵਾਲੇ ਲੋਕਾਂ ਨੇ ਮਹਿਸੂਸ ਕੀਤਾ ਕਿ ਉਹ ਹੌਲੀ-ਹੌਲੀ ਇਸ ਆਦਤ ਤੋਂ ਬਾਹਰ ਆ ਗਏ। ਬੱਸ ਦੀ ਉਡੀਕ ਕਰਦੇ ਸਮੇਂ, ਲਾਈਨ ਵਿੱਚ ਖੜ੍ਹੇ ਹੋਣ ਵੇਲੇ ਜਾਂ ਖਾਲੀ ਬੈਠੇ ਹੋਏ ਵੀ ਉਨ੍ਹਾਂ ਦਾ ਧਿਆਨ ਫੋਨ ਵੱਲ ਨਹੀਂ ਜਾਂਦਾ ਸੀ। ਇਸ ਨਾਲ ਦਿਮਾਗ ਨੂੰ ਆਰਾਮ ਮਿਲਿਆ ਅਤੇ ਲੋਕ ਆਪਣੇ ਵਿਚਾਰਾਂ ਨਾਲ ਵੱਧ ਸਮਾਂ ਬਿਤਾਉਣ ਲੱਗੇ।
ਸੰਤੁਲਿਤ ਵਰਤੋਂ ਹੀ ਸਭ ਤੋਂ ਵਧੀਆਮਾਹਿਰਾਂ ਦਾ ਮੰਨਣਾ ਹੈ ਕਿ ਸਕ੍ਰੀਨ ਟਾਈਮ ਘਟਾਉਣਾ, ਬਿਨਾਂ ਲੋੜ ਦੇ ਸੋਸ਼ਲ ਮੀਡੀਆ ਸਕ੍ਰੋਲਿੰਗ ਤੋਂ ਬਚਣਾ ਅਤੇ ਦਿਨ ਦੇ ਕੁਝ ਘੰਟੇ ਫੋਨ ਤੋਂ ਦੂਰ ਰਹਿਣਾ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਹਾਲਾਂਕਿ ਇੱਕ ਮਹੀਨੇ ਦਾ ਡਿਜ਼ਿਟਲ ਬ੍ਰੇਕ ਹਰ ਕਿਸੇ ਲਈ ਲਾਜ਼ਮੀ ਨਹੀਂ ਹੈ, ਪਰ ਇਹ ਜ਼ਰੂਰ ਸਮਝਾਉਂਦਾ ਹੈ ਕਿ ਤਕਨਾਲੋਜੀ ਦੀ ਸੰਤੁਲਿਤ ਵਰਤੋਂ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਕਿੰਨੀ ਮਹੱਤਵਪੂਰਨ ਹੈ।
