ਟੋਰਾਂਟੋ—ਵਿਗਿਆਨੀਆਂ ਨੇ ਵੱਖਰੀ ਤਰ੍ਹਾਂ ਦੇ ਕੈਫ਼ੀਨ ਆਧਾਰਿਤ ਰਸਾਇਣਕ ਮਿਸ਼ਰਨ ਦਾ ਵਿਕਾਸ ਕੀਤਾ ਹੈ, ਜਿਸ ਨਾਲ 'ਪਾਰਕਿੰਸਨ' ਦੀ ਬਿਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਿਕ ਪਰਕਿੰਸਨ ਨਾਮੀ ਇਹ ਬਿਮਾਰੀ ਖ਼ਾਸ ਕਰਕੇ ਬਜ਼ੁਰਗ ਲੋਕਾਂ ਦੇ ਦਿਮਾਗ਼ੀ ਪ੍ਰਣਾਲੀ 'ਤੇ ਹਮਲਾ ਕਰਦੀ ਹੈ। ਇਸ ਨਾਲ ਅੰਗਾਂ 'ਚ ਬੇਕਾਬੂ ਕੰਬਣੀ ਹੋਣ ਲੱਗਦੀ ਹੈ, ਮਾਸਪੇਸ਼ੀਆਂ ਖਿੱਚੀਆਂ ਜਾਂਦੀਆਂ ਹਨ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਦੱਸਣਯੋਗ ਹੈ ਕਿ ਦਿਮਾਗ਼ੀ ਸੈੱਲਾਂ ਨੂੰ ਝਟਕਾ ਲੱਗਣ ਕਾਰਨ ਡੋਪਾਮਾਇਨ ਨਿਕਲਣ ਲੱਗਦਾ ਹੈ, ਜੋ ਇਸ ਰੋਗ ਦਾ ਕਾਰਕ ਹੈ। ਕੈਨੇਡਾ ਦੀ ਸਸਕੈਚਵਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਏ-ਸਿਨੁਕਲਿਨ ਨਾਮੀ ਪ੍ਰੋਟੀਨ 'ਤੇ ਧਿਆਨ ਦਿੱਤਾ ਹੈ, ਜੋ ਡੋਪਾਮਾਇਨ ਨੂੰ ਕੰਟਰੋਲ 'ਚ ਰੱਖਣ ਲਈ ਸਹਾਇਕ ਹੁੰਦਾ ਹੈ। ਇਸ ਦੌਰਾਨ 'ਸਕੇਫੋਲਡ' ਨਾਮੀ ਕੈਫ਼ੀਨ ਦੀ ਖੋਜ ਹੋਈ, ਜਿਸ 'ਚ ਪਾਰਕਿੰਸਨ ਦੀ ਬਿਮਾਰੀ ਨੂੰ ਘੱਟ ਕਰਨ ਦੇ ਗੁਣ ਦਿਖਾਈ ਦਿੱਤੇ। ਇਸ ਅਧਿਐਨ ਦਾ ਪ੍ਰਕਾਸ਼ਨ ਏ. ਸੀ. ਐੱਸ. ਕੈਮੀਕਲ ਨਿਊਰੋ ਸਾਇੰਸ ਜਰਨਲ 'ਚ ਹੋਇਆ ਹੈ।