Eyes Problem: ਸਿਹਤਮੰਦ ਸਰੀਰ ਦੇ ਨਾਲ ਨਾਲ ਅੱਖਾਂ ਦਾ ਠੀਕ ਹੋਣਾ ਲਾਜਮੀ ਹੈ। ਮੋਬਾਈਲ, ਲੈਪਟਾਪ, ਟੀਵੀ 'ਤੇ ਲਗਾਤਾਰ ਦੇਖਣ ਕਰਕੇ ਅੱਜ-ਕੱਲ੍ਹ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ ਜਿਸ ਵਿੱਚ ਡਰਾਈ ਆਈ ਸਿੰਡਰੋਮ ਮੁੱਖ ਹੈ। ਡਰਾਈ ਆਈ ਸਿੰਡਰੋਮ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ। ਇਸ ਬਿਮਾਰੀ ਵਿੱਚ ਵਿਅਕਤੀ ਦੀਆਂ ਅੱਖਾਂ ਵਿੱਚ ਪਾਣੀ ਸੁੱਕ ਜਾਂਦਾ ਹੈ ਜਿਸ ਕਰਕੇ ਕਾਫੀ ਪ੍ਰੇਸ਼ਾਨੀ ਆਉਂਦੀ ਹੈ।


ਦੱਸ ਦਈਏ ਕਿ ਡਰਾਈ ਆਈ ਸਿੰਡਰੋਮ ਵਿੱਚ, ਅੱਖਾਂ ਵਿੱਚ ਪਾਣੀ ਬਹੁਤ ਜਲਦੀ ਭਾਫ ਬਣ ਜਾਂਦਾ ਹੈ ਜਾਂ ਅੱਖਾਂ ਬਹੁਤ ਘੱਟ ਪਾਣੀ ਬਣਾ ਸਕਦੀਆਂ ਹਨ। ਇਹ ਸਮੱਸਿਆ ਦੋਹਾਂ ਅੱਖਾਂ 'ਚ ਹੋ ਸਕਦੀ ਹੈ। ਡਰਾਈ ਆਈ ਸਿੰਡਰੋਮ ਦੇ ਕਰਕੇ ਸਿਰ ਦਰਦ, ਗਰਦਨ ਵਿੱਚ ਦਰਦ, ਧੁੰਦਲੀ ਨਜ਼ਰ, ਜਲਨ, ਅੱਖਾਂ ਦਾ ਲਾਲ ਹੋਣਾ ਵਰਗੇ ਲੱਛਣ ਹੋਣ ਲੱਗਦੇ ਹਨ।


ਇਸ ਤੋਂ ਇਲਾਵਾ ਅੱਖਾਂ ਨੂੰ ਡਰਾਈ ਆਈ ਸਿੰਡਰੋਮ ਤੋਂ ਬਚਾਉਣ ਲਈ, ਤੁਹਾਨੂੰ ਆਪਣੀ ਖੁਰਾਕ ਵਿੱਚ ਓਮੇਗਾ-3 ਫੈਟੀ ਐਸਿਡ ਵਾਲੇ ਭੋਜਨ ਸ਼ਾਮਲ ਕਰਨੇ ਚਾਹੀਦੇ ਹਨ। ਇਹ ਪੌਸ਼ਟਿਕ ਤੱਤ ਅੱਖਾਂ ਦੀ ਖੁਸ਼ਕੀ ਤੇ ਜਲਣ ਨੂੰ ਘੱਟ ਕਰਦਾ ਹੈ। ਓਮੇਗਾ-3 ਫੈਟੀ ਐਸਿਡ ਖਾਸ ਤੌਰ 'ਤੇ ਤੁਹਾਡੀਆਂ ਪਲਕਾਂ ਜਾਂ ਤੁਹਾਡੀਆਂ ਅੱਖਾਂ ਦੀ ਸਤ੍ਹਾ 'ਤੇ ਸੋਜਸ਼ ਨੂੰ ਘਟਾਉਂਦੇ ਹਨ। ਨਾਲ ਹੀ, ਇਹ ਅੱਖਾਂ ਵਿੱਚ ਮੌਜੂਦ ਪਾਣੀ ਨੂੰ ਆਪਣਾ ਕੰਮ ਬਿਹਤਰ ਢੰਗ ਨਾਲ ਕਰਨ ਵਿੱਚ ਮਦਦ ਕਰਦਾ ਹੈ। ਓਮੇਗਾ-3 ਫੈਟੀ ਐਸਿਡ ਟੂਨਾ ਮੱਛੀ, ਸਾਲਮਨ ਮੱਛੀ, ਗਿਰੀਦਾਰ ਤੇ ਬੀਜ, ਅਖਰੋਟ, ਕੱਦੂ ਦੇ ਬੀਜ, ਫਲੈਕਸਸੀਡ, ਚਿਆ ਬੀਜ, ਹਰੀਆਂ ਪੱਤੇਦਾਰ ਸਬਜ਼ੀਆਂ ਆਦਿ ਵਿੱਚ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।


 ਐਂਟੀਆਕਸੀਡੈਂਟ ਅੱਖਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਤੇ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਤੰਦਰੁਸਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਲਈ ਅਜਿਹੇ ਭੋਜਨ ਖਾਓ, ਜਿਨ੍ਹਾਂ ਵਿੱਚ ਐਂਟੀਆਕਸੀਡੈਂਟਸ ਦੀ ਮਾਤਰਾ ਜ਼ਿਆਦਾ ਹੋਵੇ। ਜਿਵੇਂ ਬੇਰੀਆਂ, ਪੱਤੇਦਾਰ ਸਬਜ਼ੀਆਂ, ਬ੍ਰੋਕਲੀ, ਪਾਲਕ ਆਦਿ।


ਜ਼ਿਕਰਯੋਗ ਹੈ ਕਿ ਅੱਖਾਂ ਲਈ ਵਿਟਾਮਿਨ-ਈ ਬਹੁਤ ਜ਼ਰੂਰੀ ਹੈ। ਇਹ ਅੱਖਾਂ ਦੇ ਸੈੱਲਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦਾ ਹੈ। ਇਸ ਲਈ, ਵਿਟਾਮਿਨ ਈ ਨਾਲ ਭਰਪੂਰ ਭੋਜਨ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ ਹੋ ਸਕਦਾ ਹੈ। ਇਸ ਦੇ ਨਾਲ ਹੀ ਅੱਖਾਂ ਦੀ ਖੁਸ਼ਕੀ ਨੂੰ ਵੀ ਰੋਕਿਆ ਜਾਂਦਾ ਹੈ। ਇਸ ਲਈ ਤੁਹਾਨੂੰ ਆਪਣੀ ਡਾਈਟ 'ਚ ਬਦਾਮ, ਪੀਨਟ ਬਟਰ, ਅਖਰੋਟ ਆਦਿ ਨੂੰ ਸ਼ਾਮਲ ਕਰਨਾ ਚਾਹੀਦਾ ਹੈ।