ਨਵੀਂ ਦਿੱਲੀ: ਆਪਣੀਆਂ ਦਵਾਈਆਂ ਤੋਂ ਲੈ ਕੇ ਖਾਣ-ਪੀਣ ਤੇ ਮਨਿਆਰੀ ਦਾ ਸਾਮਾਨ ਵੇਚ ਕੇ ਯੋਗ ਗੁਰੂ ਤੋਂ ਸਫ਼ਲ ਕਾਰੋਬਾਰੀ ਬਣੇ ਰਾਮਦੇਵ ਹੁਣ ਦੁੱਧ ਤੇ ਇਸ ਤੋਂ ਤਿਆਰ ਹੋਏ ਉਤਪਾਦਾਂ ਦੀ ਵਿਕਰੀ ਸ਼ੁਰੂ ਕਰਨ ਜਾ ਰਹੇ ਹਨ। ਰਾਮਦੇਵ ਦੀ ਕੰਪਨੀ ਹੁਣ ਦੁੱਧ, ਦਹੀਂ, ਲੱਸੀ ਤੇ ਪਨੀਰ ਵਰਗੀਆਂ ਚੀਜ਼ਾਂ ਬਣਾਏਗੀ। ਪਹਿਲੇ ਪੜਾਅ ਵਿੱਚ ਰਾਮਦੇਵ ਇਨ੍ਹਾਂ ਉਤਪਾਦਾਂ ਨੂੰ ਦਿੱਲੀ ਤੇ ਐਨਸੀਆਰ, ਹਰਿਆਣਾ, ਰਾਜਸਥਾਨ ਤੇ ਮਹਾਰਾਸ਼ਟਰ ਵਰਗੇ ਸੂਬਿਆਂ ਵਿੱਚ ਵੇਚਣਗੇ। ਇਸ ਨਾਲ ਜੁੜੀ ਇੱਕ ਮੁਹਿੰਮ 'ਸਮਰਥ ਭਾਰਤ-ਸਵਸਥ ਭਾਰਤ' ਦੇ ਪ੍ਰੋਗਰਾਮ ਤਹਿਤ 3000 ਲੋਕਾਂ ਦੀ ਹਾਜ਼ਰੀ ਵਿੱਚ ਗਾਂ ਦੇ ਦੁੱਧ, ਦਹੀਂ, ਲੱਸੀ ਤੇ ਪਨੀਰ ਵਰਗੇ ਉਤਪਾਦਾਂ ਦੀ ਵਿਕਰੀ ਬਾਰੇ ਵਿਸ਼ੇਸ਼ ਸਮਾਗਮ ਦੌਰਾਨ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਯੋਗ ਦੀ ਸਫ਼ਲਤਾ ਤੋਂ ਬਾਅਦ ਦੇਸੀ ਦਵਾਈਆਂ ਦਾ ਵਪਾਰ ਸ਼ੁਰੂ ਕਰਨ ਵਾਲੀ ਕੰਪਨੀ ਪਤੰਜਲੀ, ਹੁਣ ਸਥਾਪਤ ਬ੍ਰੈਂਡ ਹੈ। ਅੱਜ ਦੀ ਤਾਰੀਖ਼ ਵਿੱਚ ਰਾਮਦੇਵ ਦੀ ਕੰਪਨੀ ਫਾਸਟ ਫੂਡ ਤੋਂ ਲੈ ਕੇ ਸੁੰਦਰਤਾ ਸਬੰਧੀ ਉਤਪਾਦ ਤਕ ਦਾ ਸਫ਼ਲ ਕਾਰੋਬਾਰ ਕਰ ਰਹੀ ਹੈ। ਰਾਮਦੇਵ ਲੋਕਾਂ ਨੂੰ ਆਪਣੀ ਟੁੱਥਪੇਸਟ, ਮੰਜਨ ਤੇ ਸ਼ਹਿਦ ਵਰਗੀਆਂ ਚੀਜ਼ਾਂ ਦਾ ਦੀਵਾਨਾ ਬਣਾ ਚੁੱਕੇ ਹਨ। ਅਜਿਹੇ ਵਿੱਚ ਡੇਅਰੀ ਬਿਜ਼ਨਸ ਵਿੱਚ ਰਾਮਦੇਵ ਦਾ ਉਤਰਨਾ ਇੱਕ ਚੰਗਾ ਫੈਸਲਾ ਹੈ।