ਨਵੀਂ ਦਿੱਲੀ : ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਆਉਣ ਵਾਲੇ ਦਿਨਾਂ 'ਚ ਬੱਚਿਆਂ ਦੇ ਜਨਮ ਵਾਸਤੇ ਮਾਤਾ-ਪਿਤਾ ਦੀ ਜ਼ਰੂਰਤ ਨਾ ਪਵੇ। ਸਾਥੀ ਨਾਲ ਸਬੰਧ ਬਣਾਏ ਬਿਨਾਂ ਵੀ ਬੱਚੇ ਦੇ ਜਨਮ ਦੀ ਸੰਭਾਵਨਾ 'ਤੇ ਕੰਮ ਕਰ ਰਹੇ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਹੈ।
ਅਜਿਹਾ ਪ੍ਰਯੋਗ ਬਿ੍ਰਟੇਨ ਦੀ ਬਾਥ ਯੂਨੀਵਰਸਿਟੀ ਦੇ ਵਿਗਿਆਨੀ ਕਰ ਰਹੇ ਹਨ। ਇਸ ਬਾਰੇ ਕੀਤੇ ਜਾ ਰਹੇ ਪ੍ਰਯੋਗ ਬਾਰੇ ਉਨ੍ਹਾਂ ਨੇ 'ਨੇਚਰ ਕਮਿਊਨੀਕੇਸ਼ਨ' ਜਰਨਲ 'ਚ ਲਿਖਿਆ ਹੈ। ਇਸ ਖੋਜ 'ਚ ਸ਼ਾਮਲ ਡਾ ਟੋਨੀ ਪੇਰੀ ਦੇ ਅਨੁਸਾਰ ਉਨ੍ਹਾਂ ਦੀ ਟੀਮ ਨੇ ਸੈੱਲਾਂ ਤੋਂ ਬਣਾਵਟੀ ਇਮਬ੍ਰਾਓ ਬਣਾ ਕੇ ਅਸਲੀ ਸਪਰਮ ਦੇ ਜ਼ਰੀਏ ਇਕ ਚੂਹੇ ਨੂੰ ਜਨਮ ਦਿਵਾਉਣ 'ਚ ਕਾਮਯਾਬੀ ਪ੍ਰਾਪਤ ਕੀਤੀ ਹੈ।
ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਵਿਗਿਆਨਕ ਪ੍ਰਯੋਗ 'ਚ ਅੰਡੇ ਦੇ ਇਲਾਵਾ ਕਿਸੇ ਹੋਰ ਚੀਜ਼ ਨਾਲ ਸਪਰਮ ਦਾ ਸੰਯੋਗ ਕਰਾ ਕੇ ਕਿਸੇ ਜੀਵ ਨੂੰ ਜਨਮ ਦੇਣ 'ਚ ਸਫਲਤਾ ਪ੍ਰਾਪਤ ਹੋਈ ਹੈ। ਇਹ ਚੂਹੇ ਨਾ ਸਿਰਫ ਠੀਕ ਹਨ ਬਲਕਿ ਉਨ੍ਹਾਂ ਦੇ ਬੱਚੇ ਵੀ ਤੰਦਰੁਸਤ ਹਨ।
ਕੀ ਹੈ ਪ੍ਰਯੋਗ
ਸਪਰਮ ਦੇ ਅੰਡੇ ਨਾਲ ਮੇਲ ਹੋਣ 'ਤੇ ਕਿਸੇ ਜੀਵ ਦਾ ਜਨਮ ਹੁੰਦਾ ਹੈ। ਇਸ ਪ੍ਰਿਯਆ 'ਚ ਅੰਡਾ ਸਪਰਮ ਦੇ ਡੀਐੱਨਏ ਦੀਆਂ ਸਾਰੀਆਂ ਰਸਾਇਣਕ ਪਰਤਾਂ ਨੂੰ ਉਤਾਰ ਦਿੰਦਾ ਹੈ ਤੇ ਇਕ ਨਵੀਂ ਪਰਤ ਬਣਦੀ ਹੈ। ਇਹ ਇਕ ਤਰ੍ਹਾਂ ਨਾਲ ਕੱਪੜੇ ਬਦਲਣ ਵਰਗੀ ਘਟਨਾ ਹੈ। ਇਸ ਮਗਰੋਂ ਸਪਰਮ ਹੀ ਇਮਬ੍ਰਾਓ ਦੀ ਤਰ੍ਹਾਂ ਕੰਮ ਕਰਨ ਲੱਗਦਾ ਹੈ। ਇਸ ਪ੍ਰਯੋਗ 'ਚ ਇਸੇ 'ਤੇ ਕੰਮ ਕੀਤਾ ਗਿਆ ਤੇ ਸਫਲਤਾ ਵੀ ਮਿਲੀ ਹੈ।
ਡਾ. ਪੈਰੀ ਦਾ ਕਹਿਣਾ ਹੈ ਕਿ ਅਜੇ ਪ੍ਰਯੋਗ ਲਗਾਤਾਰ ਕੀਤੇ ਜਾਣ ਦੀ ਜ਼ਰੂਰਤ ਹੋਵੇਗੀ ਪਰ ਇਸ ਨਾਲ ਇਹ ਸੰਭਾਵਨਾ ਬਣਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਆਦਮੀ ਦੇ ਆਪਣੇ ਹੀ ਸੈੱਲ ਤੋਂ ਇਮਬ੍ਰਾਓ ਬਣਾ ਕੇ ਸਪਰਮ ਦਾ ਮੇਲ ਕਰਾਇਆ ਜਾ ਸਕੇ।
ਪਹਿਲਾਂ ਵੀ ਮਿਲੀ ਹੈ ਸਫਲਤਾ
ਚੀਨ 'ਚ ਇਸੇ ਤਰ੍ਹਾਂ ਦਾ ਪ੍ਰਯੋਗ ਹੋਇਆ ਜਿਸ 'ਚ ਸਟੇਮ ਸੈੱਲ ਨਾਲ ਸਪਰਮ ਤਿਆਰ ਕੀਤਾ ਗਿਆ ਤੇ ਇਸੇ ਤਰ੍ਹਾਂ ਚੂਹੇ ਨੂੰ ਜਨਮ ਦਿਵਾਇਆ ਗਿਆ। ਇਹ ਚੂਹੇ ਵੀ ਤੰਦਰੁਸਤ ਹਨ ਤੇ ਉਨ੍ਹਾਂ ਦੇ ਬੱਚੇ ਵੀ ਹੋਏ ਹਨ। ਫਰਵਰੀ 'ਚ 'ਸੇਲ ਸਟੇਮ ਸੇਲ' ਜਰਨਲ 'ਚ ਚਾਈਨੀਜ਼ ਅਕੈਡਮੀ ਆਫ ਸਾਇੰਸਿਸ ਦੇ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ।