ਚੰਡੀਗੜ੍ਹ: ਉਮਰ ਵਧਣ ਦੇ ਨਾਲ ਕਈ ਲੋਕ ਗੋਡੇ, ਜੋੜਾਂ ਜਾਂ ਮੋਢੇ ਦੇ ਦਰਦ ਤੋਂ ਗ੍ਰਸਤ ਹੋ ਜਾਂਦੇ ਹਨ। ਕਈ ਵਾਰ ਦਰਦ ਜ਼ਿਆਦਾ ਹੋਣ 'ਤੇ ਡਾਕਟਰ ਮਰੀਜ਼ਾਂ ਨੂੰ ਆਪ੍ਰੇਸ਼ਨ ਕਰਾਉਣ ਦੀ ਸਲਾਹ ਦੇ ਦਿੰਦੇ ਹਨ ਪਰ ਆਪ੍ਰੇਸ਼ਨ ਤੋਂ ਬਾਅਦ ਵੀ ਮੋਢੇ ਦੇ ਦਰਦ ਤੋਂ ਪਰੇਸ਼ਾਨ ਲੋਕਾਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਨਹੀਂ ਹੁੰਦਾ। ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ਵਿਚ ਇਹ ਸਿੱਟਾ ਸਾਹਮਣੇ ਆਇਆ ਹੈ। ਸ਼ੋਲਡਰ ਇਨਪਿੰਜਮੈਂਟ (ਮੋਢੇ ਦੇ ਟਿਸ਼ੂ ਵਿਚ ਰਗੜ ਕਾਰਨ ਹੋਣ ਵਾਲਾ ਦਰਦ) ਤੋਂ ਨਿਜਾਤ ਦਿਵਾਉਣ ਲਈ ਪੀੜਤ ਮਰੀਜ਼ਾਂ ਦੀ ਸੁਬਾਯੋਮੀਅਲ ਡੀਕੰਪ੍ਰੇਸ਼ਨ (ਟਿਸ਼ੂ ਨੂੰ ਕੱਢ ਕੇ ਜਗ੍ਹਾ ਬਣਾਉਣਾ) ਸਰਜਰੀ ਕੀਤੀ ਜਾਂਦੀ ਹੈ। ਖੋਜੀਆਂ ਦਾ ਕਹਿਣਾ ਹੈ ਕਿ ਲਗਪਗ ਤਿੰਨ ਦਹਾਕਿਆਂ ਤੋਂ ਡਾਕਟਰ ਇਸ ਸਰਜਰੀ ਦੀ ਵਰਤੋਂ ਕਰਦੇ ਆਏ ਹਨ ਕਿਉਂਕਿ ਉਨ੍ਹਾਂ ਮੁਤਾਬਕ ਇਸ ਦਾ ਕੋਈ ਉਲਟ ਪ੍ਰਭਾਵ ਵੇਖਣ ਨੂੰ ਨਹੀਂ ਮਿਲਦਾ। ਪਰ ਇਹ ਖੋਜ ਇਸ ਸਰਜਰੀ ਦੀ ਉਪਯੋਗਤਾ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ। ਲੈਂਸੇਟ ਜਰਨਲ ਵਿਚ ਪ੍ਰਕਾਸ਼ਿਤ ਇਸ ਖੋਜ ਵਿਚ ਵਿਗਿਆਨੀਆਂ ਨੇ 32 ਹਸਪਤਾਲਾਂ ਅਤੇ 51 ਸਰਜਰਨਾਂ ਨੂੰ ਸ਼ਾਮਿਲ ਕੀਤਾ। ਮੋਢੇ ਦੇ ਦਰਦ ਤੋਂ ਪਰੇਸ਼ਾਨ ਲੋਕਾਂ ਤੋਂ ਛੇ ਮਹੀਨਿਆਂ ਤਕ ਉਨ੍ਹਾਂ ਦੇ ਦਰਦ ਦੇ ਪੱਧਰ ਨੂੰ ਲੈ ਕੇ ਸਵਾਲ ਪੁੱਛੇ ਗਏ। ਨਤੀਜੇ ਵਿਚ ਸਾਹਮਣੇ ਆਇਆ ਕਿ ਆਪ੍ਰੇਸ਼ਨ ਕਰਵਾਉਣ ਅਤੇ ਨਾ ਕਰਵਾਉਣ ਵਾਲੇ ਲੋਕਾਂ ਦੇ ਦਰਦ ਵਿਚ ਕੋਈ ਵਿਸ਼ੇਸ਼ ਫ਼ਰਕ ਨਹੀਂ ਪਿਆ ਸੀ।