ਨਵੀਂ ਦਿੱਲੀ: ਹਵਾ ਵਿੱਚ ਪ੍ਰਦੂਸ਼ਣ ਵਧਣ ਨਾਲ ਬਾਜ਼ਾਰ ਵਿੱਚ ਹਵਾ ਸਾਫ ਕਰਨ ਵਾਲੇ ਯੰਤਰਾਂ ਦੀ ਮਾਰੋ-ਮਾਰ ਹੋ ਗਈ ਹੈ। ਲੋਕਾਂ ਦੀ ਵੀ ਇਨ੍ਹਾਂ ਯੰਤਰਾਂ ਵੱਲ ਰੁਚੀ ਵਧੀ ਹੈ। ਤੁਹਾਨੂੰ ਜਾਣਕੇ ਹੈਰਾਨ ਹੋਵੇਗੀ ਕਿ ਇਹ ਯੰਤਰ ਵੀ ਤੁਹਾਨੂੰ ਪ੍ਰਦੂਸ਼ਣ ਤੋਂ ਨਹੀਂ ਬਚਾ ਸਕਦੇ।
ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਦੂਸ਼ਣ ਨਿਗਰਾਨ ਕਮੇਟੀ (ਈਪੀਸੀਏ) ਦੀ ਮੈਂਬਰ ਤੇ ਵਾਤਾਵਰਨਵਾਦੀ ਸੁਨੀਤਾ ਨਰਾਇਣ ਨੇ ਕਿਹਾ ਕਿ ਹਵਾ ਸਾਫ਼ ਕਰਨ ਵਾਲੇ ਯੰਤਰਾਂ ਨਾਲ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਨਹੀਂ ਜਾ ਸਕਦਾ ਕਿਉਂਕਿ ਹਵਾ ਹਰ ਥਾਂ ਇੱਕੋ ਜਿਹੀ ਪ੍ਰਵਾਹਤ ਹੁੰਦੀ ਹੈ।
ਆਪਣੀ ਕਿਤਾਬ ‘ਕਨਫਲਿਕਟਸ ਆਫ਼ ਇਨਟਰਸਟ’ ਦੇ ਲੋਕ ਅਰਪਣ ਮੌਕੇ ਸ੍ਰੀਮਤੀ ਨਰਾਇਣ ਨੇ ਕਿਹਾ ਕਿ ਲੋਕਾਂ ਨੇ ਪ੍ਰਦੂਸ਼ਣ ਖ਼ਿਲਾਫ਼ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਬੂਲ ਕਰ ਲਿਆ ਹੈ। ਨਰਾਇਣ ਨੇ ਕਿਹਾ ਕਿ ਦਿੱਲੀ ਦੀ ਹਵਾ ਨੂੰ ਸ਼ੁੱਧ ਕਰਨ ਲਈ ਲੋਕਾਂ ਨੂੰ ਸਾਫ਼ ਈਂਧਣ ਤੇ ਜਨਤਕ ਟਰਾਂਸਪੋਰਟ ਅਪਨਾਉਣ ਦੀ ਲੋੜ ਹੈ।
ਵਿਗਿਆਨ ਤੇ ਵਾਤਾਵਰਨ ਕੇਦਰ (ਸੀਐਸਈ) ਦੀ ਮੁਖੀ ਨਰਾਇਣ ਨੇ ਕਿਹਾ ਕਿ ਕਾਰੋਬਾਰੀਆਂ ਵੱਲੋਂ ਲਗਾਤਾਰ ਹੋ ਰਹੀ ਸਲਫ਼ਰ ਦੀ ਵਰਤੋਂ ਨੇ ਸਥਿਤੀ ਹੋਰ ਵੀ ਵਿਗਾੜ ਦਿੱਤੀ ਹੈ। ਉਨ੍ਹਾਂ ਦਿੱਲੀ ਦੀ ਹਵਾ ਨੂੰ ਸਾਫ਼ ਕਰਨ ਲਈ ਲੋਕਾਂ ਵੱਲੋਂ ਸਾਫ਼-ਸੁਥਰੇ ਈਂਧਣ ਤੇ ਵੱਡੇ ਪੱਧਰ ’ਤੇ ਬੱਸਾਂ ਤੇ ਆਟੋ ਰਿਕਸ਼ਾ ਨੂੰ ਸੀਐਨਜੀ ਗੈਸ ਵਰਤਣ ਬਾਰੇ ਰੋਡਮੈਪ ਦਿੱਤਾ। ਇਸ ਲਈ ਵੱਧ ਤੋਂ ਵੱਧ ਬੱਸਾਂ, ਮੈਟਰੋ, ਸਾਈਕਲ ਟਰੈਕ ਤੇ ਪੈਦਲ ਚੱਲਣ ਵਾਲੇ ਰਸਤਿਆਂ ਦੀ ਲੋੜ ਹੈ।