ਨਵੀਂ ਦਿੱਲੀ: ਡੇਂਗੂ ਦੇ ਇਲਾਜ ਲਈ ਦਾਖ਼ਲ ਬੱਚੀ ਦੀ ਮੌਤ ਤੋਂ ਬਾਅਦ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ਨੇ 18 ਲੱਖ ਦਾ ਬਿੱਲ ਬਣਾਇਆ। ਘਟਨਾ ਮੀਡੀਆ ਵਿੱਚ ਆਉਣ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਐਕਸ਼ਨ ਲਿਆ ਹੈ। ਉਨ੍ਹਾਂ ਨੇ ਹਸਪਤਾਲ ਤੋਂ ਰਿਪੋਰਟ ਮੰਗੀ ਹੈ ਤੇ ਨਾਲ ਹੀ ਸਕੱਤਰ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਸਪਸ਼ਟ ਕੀਤਾ ਹੈ ਕਿ ਮਾਮਲੇ ਵਿੱਚ ਪਾਏ ਗਏ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਹੈ ਪੂਰਾ ਮਾਮਲਾ-


ਹਸਪਤਾਲ ਮੁਤਾਬਕ ਡੇਂਗੂ ਪੀੜਤ ਸੱਤ ਸਾਲਾ ਬੱਚੀ ਦੇ ਇਲਾਜ ਵਿੱਚ 2700 ਗਲਵਸ ਤੇ 500 ਸਰਿੰਜਾਂ ਦਾ ਇਸਤੇਮਾਲ ਕੀਤਾ ਹੈ। ਇਸ ਦਾ ਫੋਰਟਿਸ ਹਸਪਤਾਲ ਨੇ 15.59 ਲੱਖ ਦਾ ਬਿੱਲ ਬਣਾ ਦਿੱਤਾ। ਇਸ ਦੇ ਬਾਵਜੂਦ ਬੱਚੀ ਦੀ ਜਾਨ ਨਹੀਂ ਬਚੀ।
ਅਸਲ ਵਿੱਚ ਜੁੜਵਾ ਭੈਣਾਂ ਵਿੱਚੋਂ ਸਭ ਤੋਂ ਵੱਡੀ ਆਗਾ ਨੂੰ ਦੋ ਮਹੀਨੇ ਪਹਿਲਾਂ ਡੇਂਗੂ ਹੋਇਆ ਸੀ। ਇਸ ਮਗਰੋਂ ਉਸ ਨੂੰ ਦੁਆਰਕਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ। ਡੇਂਗੂ ਹੋਣ ਦੇ 5ਵੇਂ ਦਿਨ ਰਾਕਲੈਂਡ ਤੋਂ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਅਗਲੇ ਦਿਨ ਹੀ ਬਿਨਾ ਜਾਣਕਾਰੀ ਦਿੱਤੇ ਵੈਂਟੀਲੇਟਰ ਉੱਤੇ ਪਾ ਦਿੱਤਾ ਗਿਆ।
ਹਸਪਤਾਲ ਨੇ ਵਸੂਲ ਕੀਤਾ ਕਫ਼ਨ ਦਾ ਪੈਸਾ-

ਨਾਮੀ ਹਸਪਤਾਲ ਵਿੱਚ ਦਾਖਲ ਹੋਣ ਮਗਰੋਂ ਵੀ ਬੱਚੀ ਦੀ ਤਬੀਅਤ ਵਿਗੜਦੀ ਗਈ। ਉਸ ਦੇ ਦਿਮਾਗ਼ ਤੋਂ ਲੈ ਕੇ ਕਿਡਨੀ ਤੱਕ ਪ੍ਰਭਾਵਿਤ ਹੋ ਗਈ। ਇਸ ਦੌਰਾਨ ਇੱਕ ਲੱਖ ਤਾਂ ਸਿਰਫ਼ ਦਵਾਈ ਦਾ ਬਿੱਲ ਹੀ ਬਣਾਇਆ ਗਿਆ। ਦੀਪਤੀ ਦੱਸਦੀ ਹੈ ਕਿ ਬੇਟੀ ਦੀ ਮੌਤ ਮਗਰੋਂ ਜਿਸ ਕੱਪੜੇ ਵਿੱਚ ਮ੍ਰਿਤਕ ਦੇਹ ਨੂੰ ਲਪੇਟ ਕੇ ਦਿੱਤਾ ਗਿਆ, ਉਸ ਦਾ ਪੈਸਾ ਵੀ ਹਸਪਤਾਲ ਨੇ ਵਸੂਲਿਆ। ਉਨ੍ਹਾਂ ਨੇ ਦੱਸਿਆ ਕਿ ਇੱਕ ਤਾਂ ਬੇਟੀ ਨਹੀਂ ਰਹੀ, ਦੂਜਾ ਹਸਪਤਾਲ ਨੇ 15.59 ਲੱਖ ਰੁਪਏ ਦਾ ਬਿੱਲ ਬਣਾ ਦਿੱਤਾ।

ਹਸਪਤਾਲ ਨੇ ਕੀ ਕਿਹਾ?

ਇਸ ਮਾਮਲੇ ਵਿੱਚ ਫੋਰਟਿਸ ਹਸਪਤਾਲ ਨੇ ਲਿਖਤੀ ਸਫ਼ਾਈ ਵਿੱਚ ਕਿਹਾ ਹੈ ਕਿ ਸੱਤ ਸਾਲ ਦੀ ਬੱਚੀ ਆਗਾ ਦੂਸਰੇ ਪ੍ਰਾਈਵੇਟ ਹਸਪਤਾਲ ਤੋਂ 31 ਅਗਸਤ ਨੂੰ ਆਈ ਸੀ। ਉਸ ਨੂੰ ਡੇਂਗੂ ਸੀ ਜਿਹੜਾ ਸ਼ਾਕ ਸਿੰਡਰੋਮ ਦੀ ਸਟੇਜ ਉੱਤੇ ਸੀ। ਉਨ੍ਹਾਂ ਨੇ ਇਲਾਜ ਸ਼ੁਰੂ ਕੀਤਾ ਪਰ ਉਸ ਦੇ ਬਲੱਡ ਪਲੇਟਲੈਟਸ ਲਗਾਤਾਰ ਡਿੱਗ ਰਹੇ ਸਨ। ਹਾਲਤ ਖ਼ਰਾਬ ਹੋਣ ਉੱਤੇ ਉਨ੍ਹਾਂ ਨੇ 48 ਘੰਟੇ ਵੈਂਟੀਲੇਟਰ ਉੱਤੇ ਰੱਖਿਆ।
ਹਸਪਤਾਲ ਨੇ ਅੱਗੇ ਦੱਸਿਆ ਕਿ ਪਰਿਵਾਰ ਨੂੰ ਬੱਚੀ ਦੀ ਨਾਜ਼ੁਕ ਹਾਲਤ ਬਾਰੇ ਦੱਸਿਆ ਗਿਆ ਸੀ। ਪਰਿਵਾਰ ਨਾਲ ਬੱਚੀ ਬਾਰੇ ਰੋਜ਼ਾਨਾ ਗੱਲ ਕੀਤੀ ਗਈ। 14 ਸਤੰਬਰ ਨੂੰ ਡਾਕਟਰ ਦੀ ਸਲਾਹ ਦੇ ਖ਼ਿਲਾਫ਼ ਬੱਚੀ ਨੂੰ ਹਸਪਤਾਲ ਤੋਂ ਲੈ ਗਏ। ਉਸੇ ਦਿਨ ਬੱਚੀ ਦੀ ਮੌਤ ਹੋ ਗਈ। ਬੱਚੀ ਦੇ ਇਲਾਜ ਵਿੱਚ ਉਨ੍ਹਾਂ ਨੇ ਸਾਰੇ ਸਟੈਂਡਰਡ ਪ੍ਰੋਟੋਕਾਲ ਤੇ ਗਾਈਡਲਾਈਨਜ਼ ਦਾ ਧਿਆਨ ਰੱਖਿਆ। ਹਸਪਤਾਲ ਨੇ ਕਿਹਾ ਕਿ ਜਦੋਂ ਪਰਿਵਾਰ ਵਾਲਿਆਂ ਨੇ ਹਸਪਤਾਲ ਛੱਡਿਆ ਤਾਂ 20 ਪੰਨਿਆਂ ਦੇ ਬਿੱਲ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਸੀ।