ਨਿਊਯਾਰਕ: ਕੀ ਤੁਸੀਂ ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨ ਦੇ ਆਦੀ ਹੋ ਚੁੱਕੇ ਹੋ? ਤਾਂ ਸਾਵਧਾਨ ਹੋ ਜਾਓ। ਅਜਿਹੀ ਆਦਤ ਤੁਹਾਡੀ ਜ਼ਿੰਦਗੀ ਲਈ ਖ਼ਤਰਨਾਕ ਹੋ ਸਕਦੀ ਹੈ। ਨਵੇਂ ਅਧਿਐਨ ਦਾ ਦਾਅਵਾ ਹੈ ਕਿ ਲਗਾਤਾਰ ਇੱਕ-ਦੋ ਘੰਟੇ ਬੈਠ ਕੇ ਕੰਮ ਕਰਨ ਨਾਲ ਬੇਵਕਤੀ ਮੌਤ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੋ ਸਕਦਾ ਹੈ।

ਖੋਜਕਰਤਾਵਾਂ ਨੇ ਪਤਾ ਲਾਇਆ ਕਿ ਅਜਿਹੇ ਲੋਕ ਜੋ ਬਿਨਾਂ ਕਿਸੇ ਹਿੱਲਜੁੱਲ ਦੇ ਇੱਕ ਦੋ ਘੰਟੇ ਤੱਕ ਬੈਠੇ ਰਹਿੰਦੇ ਹਨ, ਉਨ੍ਹਾਂ 'ਚ ਬੇਵਕਤੀ ਮੌਤ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਜਦਕਿ ਘੱਟ ਸਮਾਂ ਅਜਿਹਾ ਕਰਨ ਵਾਲਿਆਂ 'ਚ ਇਸ ਦਾ ਖ਼ਤਰਾ ਓਨਾ ਨਹੀਂ ਪਾਇਆ ਗਿਆ। ਪਹਿਲਾਂ ਦੇ ਅਧਿਐਨਾਂ ਤੋਂ ਵੀ ਇਹ ਜਾਹਿਰ ਹੋ ਚੁੱਕਾ ਹੈ ਕਿ ਲੰਬੇ ਸਮੇਂ ਤਕ ਬੈਠਣਾ ਚੰਗੀ ਸਿਹਤ ਲਈ ਬੁਰਾ ਹੋ ਸਕਦਾ ਹੈ।

ਅਮਰੀਕਾ ਦੇ ਕੋਲੰਬੀਆ ਯੂਨੀਵਰਸਿਟੀ ਮੈਡੀਕਲ ਸੈਂਟਰ ਦੇ ਖੋਜਕਰਤਾ ਕੀਥ ਡਿਆਜ਼ ਨੇ ਕਿਹਾ ਕਿ ਜੇਕਰ ਤੁਹਾਡੀ ਅਜਿਹੀ ਨੌਕਰੀ ਜਾਂ ਜੀਵਨ ਸ਼ੈਲੀ ਹੈ ਜਿਸ 'ਚ ਤੁਹਾਨੂੰ ਲੰਬੇ ਸਮੇਂ ਤਕ ਬੈਠੇ ਰਹਿਣਾ ਪੈਂਦਾ ਹੈ ਤਾਂ ਸਾਡਾ ਸੁਝਾਅ ਹੈ ਕਿ ਹਰ ਅੱਧੇ ਘੰਟੇ ਬਾਅਦ ਥੋੜ੍ਹੀ ਚਹਿਲ ਕਦਮੀ ਕਰ ਲਓ। ਇਸ ਆਦਤ ਨਾਲ ਬੇਵਕਤੀ ਮੌਤ ਦਾ ਖ਼ਤਰਾ ਘੱਟ ਕੀਤਾ ਸਕਦਾ ਹੈ।