ਨਵੀਂ ਦਿੱਲੀ: ਕੀ ਤੁਸੀਂ ਵੀ ਕਦੇ ਚੁਇੰਗਗਮ ਨੂੰ ਨਿਗਲਿਆ ਹੈ? ਅਕਸਰ ਲੋਕ ਸੋਚਦੇ ਹਨ ਕਿ ਚੁਇੰਗਗਮ ਨਿਗਲਣ ਨਾਲ ਇਹ ਢਿੱਡ ਵਿੱਚ ਜਾ ਕੇ ਫਸ ਜਾਵੇਗੀ ਤੇ ਬਾਹਰ ਨਹੀਂ ਆਵੇਗੀ। ਨੁਕਸਾਨਦਾਇਕ ਸਿਰਫ ਚੁਇੰਗਗਮ ਦਾ ਨਿਗਲਿਆ ਜਾਣਾ ਹੀ ਨਹੀਂ ਸਗੋਂ ਇਸ ਨੂੰ ਚੱਬਣ ਦੇ ਵੀ ਬਹੁਤ ਨੁਕਸਾਨ ਹਨ।
ਸਭ ਤੋਂ ਪਹਿਲਾਂ ਇਹ ਜਾਣੋ ਕਿ ਚੁਇੰਗਗਮ ਕਿਹੜੀ-ਕਿਹੜੀ ਚੀਜ਼ ਤੋਂ ਬਣਦੀ ਹੈ। ਆਮ ਤੌਰ 'ਤੇ ਚੁਇੰਗਗਮ ਬੇਸ ਜੋ ਰਬੜ ਤੋਂ ਤਿਆਰ ਕੀਤਾ ਹੁੰਦਾ ਹੈ, ਰੰਗ, ਖੰਡ, ਖੁਸ਼ਬੂ, ਚਰਬੀ, ਰੇਜਿਨ, ਮੋਮ, ਇਲਾਸਟੋਮਰ ਤੇ ਪਾਇਸਿਕਾਰੀ ਤੋਂ ਤਿਆਰ ਕੀਤੀ ਜਾਂਦੀ ਹੈ।
ਜਦੋਂ ਕੋਈ ਵੀ ਚੀਜ਼ ਖਾਧੀ ਜਾਂਦੀ ਹੈ ਤਾਂ ਜਿਗਰ 'ਚ ਮੌਜੂਦ ਤੱਤ ਇਸ ਦੇ ਖੁਰਾਕੀ ਤੱਤਾਂ ਨੂੰ ਸਰੀਰ ਵਿੱਚ ਜਜ਼ਬ ਕਰਨ ਦਾ ਕੰਮ ਕਰਦੇ ਹਨ। ਜਦੋਂ ਚੁਇੰਗਗਮ ਸ਼ਰੀਰ ਵਿੱਚ ਦਾਖਲ ਹੁੰਦੀ ਹੈ ਤਾਂ ਇਸ ਮੌਜੂਦ ਹਾਨੀਕਾਰਕ ਰੰਗ ਤੇ ਹੋਰ ਰਸਾਇਣਾਂ ਨੂੰ ਸਰੀਰ ਤੋਂ ਬਾਹਰ ਕਰਨ ਦਾ ਕੰਮ ਜਿਗਰ ਕਰਦਾ ਹੈ।
ਜਦ ਇਹ ਢਿੱਡ ਵਿੱਚ ਪਹੁੰਚਦੀ ਹੈ ਤਾਂ ਇੱਥੇ ਮੌਜੂਦ ਹਾਈਡ੍ਰੋਕਲੋਰਿਕ ਐਸਿਡ ਵੀ ਛਾਣਨੀ ਦਾ ਕੰਮ ਕਰਦਾ ਹੈ। ਪੇਟ ਦਾ ਇਹ ਰਸਾਇਣ ਖੰਡ, ਗਲਿੱਸਰੀਨ ਤੇ ਪਿਪਰਮਿੰਟ ਆਇਲ ਜਿਹੀਆਂ ਚੀਜ਼ਾਂ ਨੂੰ ਵੱਖਰਾ ਕਰਦਾ ਹੈ। ਅੰਤੜੀਆਂ ਤਕ ਪਹੁੰਚਣ ਤੋਂ ਬਾਅਦ ਚੁਇੰਗਗਮ ਸਰੀਰ ਤੋਂ ਬਾਹਰ ਹੋ ਜਾਂਦਾ ਹੈ। ਨਿਗਲੇ ਜਾਣ ਤੋਂ ਬਾਅਦ ਇਸ ਨੂੰ ਸਰੀਰ ਤੋਂ ਬਾਹਰ ਨਿਕਲਣ ਲਈ 25 ਤੋਂ 26 ਘੰਟੇ ਲੱਗ ਜਾਂਦੇ ਹਨ।
ਜੇਕਰ ਚੁਇੰਗਗਮ ਇੱਕ ਦਿਨ ਦੇ ਅੰਦਰ-ਅੰਦਰ ਬਾਹਰ ਨਾ ਨਿੱਕਲੇ ਤਾਂ ਅਜਿਹੇ ਹਾਲਤ ਵਿੱਚ ਤੁਸੀਂ ਡਾਕਟਰਾਂ ਤੋਂ ਸਲਾਹ ਲਵੋ। ਚੁਇੰਗ ਗਮ ਸਰੀਰ ਵਿੱਚੋਂ ਬਾਹਰ ਨਹੀਂ ਆਉਂਦੀ ਤਾਂ ਸਰੀਰ ਦਾ ਤਾਪਮਾਨ ਵਧਣ ਲਗਦਾ ਹੈ। ਖੂਨ ਦਾ ਦਬਾਅ ਵੀ ਵਧਣ ਲਗ ਜਾਂਦਾ ਹੈ। ਇਸ ਤੋਂ ਇਲਾਵਾ ਉਲਟੀ ਆਉਣਾ, ਜੀਅ ਕੱਚਾ ਹੋਣਾ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਕਈ ਵਾਰ ਇਸ ਕਾਰਨ ਐਲਰਜੀ ਵੀ ਹੋ ਸਕਦੀ ਹੈ।