ਨਿਊਯਾਰਕ : ਧੂੰਆਂਨੋਸ਼ੀ ਕਰਨ ਵਾਲੇ 50 ਸਾਲ ਤੋਂ ਘੱਟ ਉਮਰ ਦੇ ਲੋਕ ਸਾਵਧਾਨ ਹੋ ਜਾਣ। ਧੂੁੰਆਂਨੋਸ਼ੀ ਨਹੀਂ ਕਰਨ ਵਾਲੇ ਜਾਂ ਇਸ ਤੋਂ ਤੌਬਾ ਕਰ ਚੁੱਕੇ ਲੋਕਾਂ ਦੇ ਮੁਕਾਬਲੇ ਇਸ ਉਮਰ ਵਰਗ ਦੇ ਲੋਕਾਂ 'ਚ ਗੰਭੀਰ ਹਾਰਟ ਅਟੈਕ ਦਾ ਅੱਠ ਗੁਣਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ। ਇਹ ਦਾਅਵਾ ਨਵੇਂ ਅਧਿਐਨ 'ਚ ਕੀਤਾ ਗਿਆ ਹੈ।
ਬਰਤਾਨੀਆ ਦੀ ਸ਼ੈਫੀਲਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ 1,727 ਬਾਲਿਗ ਰੋਗੀਆਂ ਦੇ ਅੰਕੜਿਆਂ ਦੇ ਅਧਿਐਨ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਹੈ। ਇਨ੍ਹਾਂ ਲੋਕਾਂ 'ਚ ਕੁਝ ਸਾਲ ਪਹਿਲਾਂ ਹਾਰਟ ਅਟੈਕ ਦੇ ਇਕ ਪ੍ਰਕਾਰ ਸਟੈਮੀ (ਸੈਗਮੈਂਟ ਐਲਵੇਸ਼ਨ ਮਾਯੋਕਾਰਡੀਅਲ ਇੰਫਾਰਕਰਸ਼ਨ) ਦਾ ਇਲਾਜ ਕੀਤਾ ਗਿਆ ਸੀ।
ਸਟੈਮੀ ਮੁਸ਼ਕਿਲ ਪੈਟਰਨ ਹੈ ਜੋ ਈਸੀਜੀ 'ਚ ਦਿਖਾਈ ਪੈਂਦਾ ਹੈ। ਇਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਦੇ ਮਿ੍ਰਤਕ ਹੋਣ ਦਾ ਸੰਕੇਤ ਮਿਲਦਾ ਹੈ। ਅਧਿਐਨ 'ਚ ਸ਼ਾਮਿਲ ਰੋਗੀਆਂ 'ਚ ਅੱਧੇ ਦੇ ਕਰੀਬ ਧੂੰਆਂਨੋਸ਼ੀ ਕਰਨ ਵਾਲੇ ਜਦਕਿ 27 ਫੀਸਦੀ ਇਸ ਤੋਂ ਤੌਬਾ ਕਰ ਚੁੱਕੇ ਲੋਕ ਸ਼ਾਮਿਲ ਸਨ।
ਬਾਕੀ ਨੇ ਕਦੇ ਧੂੰਆਂਨੋਸ਼ੀ ਨਹੀਂ ਕੀਤੀ ਸੀ। ਇਨ੍ਹਾਂ ਦੇ ਅੰਕੜਿਆਂ ਦੀ ਸਮੀਖਿਆ ਦੇ ਆਧਾਰ 'ਤੇ 50 ਸਾਲ ਤੋਂ ਘੱਟ ਉਮਰ ਵਾਲਿਆਂ 'ਚ ਹਾਰਟ ਅਟੈਕ ਦਾ 8.5 ਗੁਣਾ ਜ਼ਿਆਦਾ ਖ਼ਤਰਾ ਪਾਇਆ ਗਿਆ। ਹਾਲਾਂਕਿ ਜ਼ਿਆਦਾ ਉਮਰ ਵਾਲਿਆਂ 'ਚ ਇਸ ਦੇ ਖਦਸ਼ੇ 'ਚ ਗਿਰਾਵਟ ਪਾਈ ਗਈ।