Health Care Tips : ਪੀਰੀਅਡਜ਼ ਦੌਰਾਨ ਔਰਤਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰੀ ਖੂਨ ਵਹਿਣ ਦੇ ਨਾਲ ਪੇਟ ਵਿੱਚ ਦਰਦ ਹੋਣਾ, ਫੁੱਲਣਾ ਬਹੁਤ ਆਮ ਗੱਲ ਹੈ ਪਰ ਗਰਮੀਆਂ ਵਿੱਚ ਕਈ ਵਾਰ ਰੈਸ਼ਜ਼ ਵੀ ਸਮੱਸਿਆ ਬਣ ਜਾਂਦੇ ਹਨ। ਜਿਸ ਕਾਰਨ ਚੱਲਣ-ਫਿਰਨ, ਬੈਠਣ 'ਚ ਕਾਫੀ ਦਿੱਕਤ ਹੁੰਦੀ ਹੈ ਤੇ ਕਈ ਵਾਰ ਤੇਜ਼ ਦਰਦ ਦੇ ਨਾਲ-ਨਾਲ ਜ਼ਿਆਦਾ ਖਾਰਸ਼ ਵੀ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਪਹਿਲਾਂ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਰੈਸ਼ਜ਼ ਦੀ ਸਮੱਸਿਆ ਕਿਉਂ ਹੁੰਦੀ ਹੈ, ਫਿਰ ਅਸੀਂ ਇਸ ਦੇ ਉਪਾਅ ਬਾਰੇ ਗੱਲ ਕਰਾਂਗੇ। ਪੀਰੀਅਡਜ਼ ਦੌਰਾਨ ਸਹੀ ਦੇਖਭਾਲ ਨਾਲ ਤੁਸੀਂ ਰੈਸ਼ਜ਼ ਦੀ ਸਮੱਸਿਆ ਨੂੰ ਆਸਾਨੀ ਨਾਲ ਰੋਕ ਸਕਦੇ ਹੋ।


ਸਮੇਂ-ਸਮੇਂ 'ਤੇ ਬਦਲਦੇ ਰਹੋ ਪੈਡ 


ਪੀਰੀਅਡਜ਼ ਦੌਰਾਨ ਹਰ 4-6 ਘੰਟੇ ਬਾਅਦ ਪੈਡ ਬਦਲੋ ਤੇ ਜੇ ਤੁਹਾਨੂੰ ਜ਼ਿਆਦਾ ਖੂਨ ਵਹਿ ਰਿਹਾ ਹੈ ਤਾਂ ਤੁਹਾਨੂੰ ਇਸ ਦਾ ਧਿਆਨ ਰੱਖਣਾ ਹੋਵੇਗਾ। ਜ਼ਿਆਦਾ ਵਹਾਅ ਕਾਰਨ ਪੈਡ ਨੂੰ ਲੰਬੇ ਸਮੇਂ ਤੱਕ ਨਾ ਬਦਲਿਆ ਜਾਵੇ ਤਾਂ ਨਮੀ ਬਣੀ ਰਹਿੰਦੀ ਹੈ, ਜਿਸ ਕਾਰਨ ਧੱਫੜ ਦੀ ਸਮੱਸਿਆ ਵਧ ਜਾਂਦੀ ਹੈ, ਇਸ ਕਾਰਨ ਪੈਡ ਬਦਲਦੇ ਰਹਿਣਾ ਜ਼ਰੂਰੀ ਹੈ।


 ਚੁਣੋ ਸਹੀ ਪੈਡ


ਪੀਰੀਅਡਜ਼ ਦੇ ਦੌਰਾਨ ਰੈਸ਼ਜ਼ ਦੀ ਸਮੱਸਿਆ ਅਕਸਰ ਤੁਹਾਨੂੰ ਪਰੇਸ਼ਾਨ ਕਰਦੀ ਹੈ, ਇਸ ਲਈ ਸ਼ਾਇਦ ਤੁਹਾਨੂੰ ਆਪਣੇ ਪੈਡ ਦੀ ਗੁਣਵੱਤਾ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਇੱਕ ਅਜਿਹਾ ਪੈਡ ਚੁਣੋ ਜੋ ਨਰਮ ਹੋਵੇ, ਚੰਗੀ ਕੁਆਲਿਟੀ ਦਾ ਹੋਵੇ ਤੇ ਨਮੀ ਨੂੰ ਜਲਦੀ ਜਜ਼ਬ ਕਰਦਾ ਹੋਵੇ। ਜੇ ਤੁਸੀਂ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਡਰਾਈ ਸ਼ੀਟ (PPF ਸ਼ੀਟ) ਪੈਡ ਦੀ ਵਰਤੋਂ ਕਰਦੇ ਹੋ ਤਾਂ ਧੱਫੜ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।


ਸਫਾਈ ਦਾ ਰੱਖੋਂ ਧਿਆਨ 


ਪੀਰੀਅਡਜ਼ ਦੌਰਾਨ ਸਫਾਈ ਦਾ ਖਾਸ ਧਿਆਨ ਰੱਖੋ। ਆਪਣੇ ਗੁਪਤ ਅੰਗਾਂ ਨੂੰ ਨਿਯਮਿਤ ਤੌਰ 'ਤੇ ਪਾਣੀ ਨਾਲ ਧੋਣਾ ਵੀ ਜ਼ਰੂਰੀ ਹੈ। ਕਿਸੇ ਵੀ ਕਿਸਮ ਦੇ ਕਾਸਮੈਟਿਕ ਸਾਬਣ ਜਾਂ ਕਰੀਮ ਦੀ ਵਰਤੋਂ ਕਰਨ ਤੋਂ ਬਚੋ। ਉਹ ਤੁਹਾਡੇ ਗੁਪਤ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।


ਐਂਟੀ-ਫੰਗਲ ਜਾਂ ਐਂਟੀ-ਬੈਕਟੀਰੀਅਲ ਪਾਊਡਰ ਦੀ ਕਰੋ ਵਰਤੋਂ 


ਰੈਸ਼ਜ਼ ਤੋਂ ਬਚਣ ਲਈ ਗੁਪਤ ਅੰਗ ਨੂੰ ਸੁੱਕਾ ਰੱਖੋ। ਗੁਪਤ ਅੰਗ ਨੂੰ ਪਾਣੀ ਨਾਲ ਧੋਵੋ, ਇਸ ਨੂੰ ਸਾਫ਼ ਕੱਪੜੇ ਜਾਂ ਟਿਸ਼ੂ ਪੇਪਰ ਨਾਲ ਸੁਕਾਓ ਤੇ ਐਂਟੀ-ਫੰਗਲ/ਐਂਟੀ-ਬੈਕਟੀਰੀਅਲ ਪਾਊਡਰ ਦੀ ਵਰਤੋਂ ਕਰੋ।


ਚੁਣੋ ਸਹੀ ਅੰਡਰਵੀਅਰ 


ਪੀਰੀਅਡਜ਼ ਦੌਰਾਨ ਰੈਸ਼ਜ਼ ਦੀ ਸਮੱਸਿਆ ਤੋਂ ਬਚਣ ਲਈ, ਸੂਤੀ ਅੰਡਰਵੀਅਰ ਦੀ ਚੋਣ ਕਰੋ ਤਾਂ ਜੋ ਤੁਹਾਡੀ ਚਮੜੀ ਸਾਹ ਲੈ ਸਕੇ ਤੇ ਪਸੀਨੇ ਦੀ ਕੋਈ ਸਮੱਸਿਆ ਨਾ ਹੋਵੇ ਤੇ ਜੇ ਹੁੰਦਾ ਹੈ ਤਾਂ ਇਹ ਆਸਾਨੀ ਨਾਲ ਸੁੱਕ ਜਾਂਦਾ ਹੈ। ਇਸ ਕਾਰਨ ਧੱਫੜ ਹੋਣ ਦੀ ਸੰਭਾਵਨਾ ਨਾਮੁਮਕਿਨ ਹੀ ਰਹਿੰਦੀ ਹੈ।