Health Care Tips : ਭਾਰਤ ਵਿੱਚ, ਜਦੋਂ ਕਿਸੇ ਘਰ ਵਿੱਚ ਬੱਚੇ ਦਾ ਜਨਮ ਹੁੰਦਾ ਹੈ, ਤਾਂ ਉਸ ਨੂੰ ਲੋਕਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਬਚਾਉਣ ਲਈ ਕਾਜਲ ਲਾਇਆ ਜਾਂਦਾ ਹੈ। ਤੁਸੀਂ ਆਪਣੇ ਘਰ ਦੀਆਂ ਔਰਤਾਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਮੋਟਾ-ਮੋਟਾ ਕਾਜਲ ਲਾਉਂਦੇ ਕਈ ਵਾਰੇ ਵੇਖਿਆ ਹੋਵੇਗਾ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਬੱਚਿਆਂ ਨੂੰ ਕਾਜਲ ਲਾਉਣਾ ਸੁਰੱਖਿਅਤ ਹੈ? ਕੀ ਇਸ ਨਾਲ ਉਨ੍ਹਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ? ਆਓ ਜਾਣਦੇ ਹਾਂ...


ਦਰਅਸਲ ਕਾਜਲ ਨੂੰ ਬਣਾਉਣ ਲਈ ਲੀਡ ਦਾ ਇਸਤੇਮਾਲ ਕਾਫੀ ਜ਼ਿਆਦਾ ਮਾਤਰਾ ਵਿੱਚ ਕੀਤਾ ਜਾਂਦਾ ਹੈ। ਲੀਡ ਇੱਕ ਹਾਨੀਕਾਰਕ ਤੱਤ ਹੈ, ਜੋ ਬੱਚਿਆਂ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸ ਨਾਲ ਉਨ੍ਹਾਂ ਦੀ ਕਿਡਨੀ, ਬੋਨ ਮੈਰੋ, ਦਿਮਾਗ ਸਮੇਤ ਸਰੀਰ ਦੇ ਕਈ ਹਿੱਸਿਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੇ ਖੂਨ 'ਚ ਲੀਡ ਦਾ ਪੱਧਰ ਵੱਧ ਜਾਂਦਾ ਹੈ ਤਾਂ ਇਸ਼ ਨਾਲ ਕੋਮਾ 'ਚ ਜਾਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ। ਕਿਉਂਕਿ ਬੱਚਾ ਛੋਟਾ ਹੈ ਅਤੇ ਉਸਦਾ ਸਰੀਰ ਅਜੇ ਵੀ ਵਿਕਾਸ ਕਰ ਰਿਹਾ ਹੈ, ਇਸ ਲਈ ਹਰੇਕ ਮਾਤਾ-ਪਿਤਾ ਨੂੰ ਉਨ੍ਹਾਂ ਨੂੰ ਸੀਸੇ ਦੇ ਸੰਪਰਕ ਵਿੱਚ ਲਿਆਉਣ ਤੋਂ ਬਚਣਾ ਚਾਹੀਦਾ ਹੈ।


ਕਿਉਂ ਨਹੀਂ ਲਾਉਣਾ ਚਾਹੀਦਾ ਬੱਚਿਆਂ ਨੂੰ ਕਾਜਲ 


ਨਵਜੰਮੇ ਬੱਚਿਆਂ ਨੂੰ ਕਾਜਲ ਲਾਉਣ ਨਾਲ ਉਨ੍ਹਾਂ ਦੀਆਂ ਅੱਖਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਅੱਖਾਂ 'ਚੋਂ ਪਾਣੀ ਨਿਕਲ ਸਕਦਾ ਹੈ। ਖੁਜਲੀ ਹੋ ਸਕਦੀ ਹੈ। ਇੱਥੋਂ ਤੱਕ ਕਿ ਕੁਝ ਬੱਚਿਆਂ ਨੂੰ ਇਸ ਕਾਰਨ ਐਲਰਜੀ ਹੋ ਸਕਦੀ ਹੈ। ਕਈ ਮਾਵਾਂ ਆਪਣੇ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਕਾਜਲ ਲਾਉਂਦੀਆਂ ਹਨ। ਇਸ ਨਾਲ ਅੱਖਾਂ ਦੀ ਇਨਫੈਕਸ਼ਨ ਦਾ ਖ਼ਤਰਾ ਵੱਧ ਸਕਦਾ ਹੈ। ਬਾਜ਼ਾਰ 'ਚ ਮਿਲਣ ਵਾਲੇ ਕਾਜਲ ਦੀ ਵਰਤੋਂ ਬੱਚਿਆਂ 'ਤੇ ਬਿਲਕੁਲ ਨਹੀਂ ਕਰਨੀ ਚਾਹੀਦੀ। ਕਿਉਂਕਿ ਇਨ੍ਹਾਂ 'ਚ ਕਈ ਤਰ੍ਹਾਂ ਦੇ ਹਾਨੀਕਾਰਕ ਕੈਮੀਕਲ ਸ਼ਾਮਲ ਹੁੰਦੇ ਹਨ, ਜੋ ਅੱਖਾਂ ਸਮੇਤ ਸਰੀਰ ਦੇ ਕਈ ਹਿੱਸਿਆਂ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਸਕਦੇ ਹਨ।


ਕੀ ਘਰ ਵਿੱਚ ਬਣਾਇਆ ਕਾਜਲ ਲਾਇਆ ਜਾ ਸਕਦੈ?


ਕਈ ਲੋਕਾਂ ਦਾ ਮੰਨਣਾ ਹੈ ਕਿ ਘਰ 'ਚ ਬਣੇ ਕਾਜਲ ਨੂੰ ਬੱਚਿਆਂ 'ਤੇ ਲਾਇਆ ਜਾ ਸਕਦਾ ਹੈ। ਕਿਉਂਕਿ ਇਹ ਕੁਦਰਤੀ ਹੈ ਅਤੇ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਜੇ ਤੁਸੀਂ ਵੀ ਇਹੀ ਸੋਚਦੇ ਹੋਏ ਬੱਚੇ ਨੂੰ ਘਰ ਦੀ ਬਣੇ ਕਾਜਲ ਲਾ ਰਹੇ ਹੋ ਤਾਂ ਜਾਣ ਲਓ ਕਿ ਅਜਿਹਾ ਕਰਨਾ ਬੱਚੇ ਦੀ ਸਿਹਤ ਲਈ ਠੀਕ ਨਹੀਂ ਹੈ। ਕਾਜਲ ਭਾਵੇਂ ਬਾਜ਼ਾਰ ਤੋਂ ਖਰੀਦਿਆ ਹੋਵੇ ਜਾਂ ਘਰ ਦੀ ਬਣਾਇਆ ਹੋਵੇ, ਦੋਵੇਂ ਅੱਖਾਂ ਅਤੇ ਬੱਚੇ ਦੀ ਸਮੁੱਚੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਨਾਲ ਅੱਖਾਂ ਦੀ ਇਨਫੈਕਸ਼ਨ, ਦਰਦ, ਜਲਨ, ਖੁਜਲੀ, ਲਾਲੀ ਅਤੇ ਹੋਰ ਕਈ ਸਮੱਸਿਆਵਾਂ ਹੋ ਸਕਦੀਆਂ ਹਨ।