ਨਵੀਂ ਦਿੱਲੀ: ਅੱਜ-ਕੱਲ੍ਹ ਮਾਪਿਆਂ ਨੂੰ ਆਪਣੇ ਨਿੱਕੇ ਬੱਚਿਆਂ ਦੀ ਚਿੰਤਾ ਲੱਗੀ ਹੋਈ ਹੈ ਕਿ ਉਹ ਮੁਢਲੇ ਪੜਾਵਾਂ ’ਤੇ ਹੀ ਉਨ੍ਹਾਂ ਨੂੰ ਕੋਰੋਨਾਵਾਇਰਸ ਦੀ ਲਾਗ ਤੋਂ ਸੁਰੱਖਿਅਤ ਕਿਵੇਂ ਰੱਖਣ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਬਾਰੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੁਣ ਤੱਕ ਇਹੋ ਵੇਖਿਆ ਗਿਆ ਹੈ ਕਿ ਬੱਚਿਆਂ ਵਿੱਚ ਕੋਵਿਡ-19 ਦੇ ਲੱਛਣ ਬਹੁਤ ਘੱਟ ਵਿਖਾਈ ਦਿੰਦੇ ਹਨ, ਇਸੇ ਲਈ ਮੁਢਲੇ ਗੇੜ ’ਚ ਉਨ੍ਹਾਂ ਨੂੰ ਅੰਦਰਖਾਤੇ ਹੋ ਰਹੀ ਬੀਮਾਰੀ ਦਾ ਕੁਝ ਪਤਾ ਹੀ ਨਹੀਂ ਲੱਗਦਾ। ਇਸੇ ਲਈ ਕੁਝ ਮਾਮਲਿਆਂ ’ਚ ਬੱਚਿਆਂ ਨੂੰ ਬਾਅਦ ਵਿੱਚ ਗੰਭੀਰ ਕਿਸਮ ਦੀ ਖੰਘ, ਬੁਖ਼ਾਰ ਤੇ ਸਾਹ ਲੈਣ ਵਿੱਚ ਔਖ ਜਿਹੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਬਹੁਤੇ ਬੱਚਿਆਂ ਵਿੱਚ ਕੋਰੋਨਾ ਦਾ ਛੇਤੀ ਕਿਤੇ ਕੋਈ ਲੱਛਣ ਵਿਖਾਈ ਨਹੀਂ ਦਿੰਦਾ, ਉਝ ਉਨ੍ਹਾਂ ਵਿੱਚ ਮਾਮੂਲੀ ਬੁਖ਼ਾਰ, ਖੰਘ, ਸਾਹ ਲੈਣ ਵਿੱਚ ਔਖ, ਥਕਾਵਟ, ਸਰੀਰ ਦੇ ਪੱਠਿਆਂ ’ਚ ਦਰਦ, ਨੱਕ ਵਗਣਾ, ਗਲੇ ’ਚ ਦਰਦ, ਦਸਤ, ਸੁੰਘਣ ਤੇ ਸੁਆਦ ਸ਼ਕਤੀਆਂ ਦਾ ਨਾਸ਼ ਜਿਹੇ ਲੱਛਣ ਬਹੁਤ ਮਾਮੂਲੀ ਤੇ ਮੱਠੇ ਰੂਪ ਵਿੱਚ ਵਿਖਾਈ ਜ਼ਰੂਰ ਦਿੰਦੇ ਹਨ।
ਮੰਤਰਾਲੇ ਅਨੁਸਾਰ ਕੁਝ ਬੱਚਿਆਂ ਵਿੱਚ ਅੰਤੜੀਆਂ ਵਿੱਚ ਸੋਜ਼ਿਸ਼ ਦੇ ਲੱਛਣ ਵੀ ਵਿਖਾਈ ਦੇ ਸਕਦੇ ਹਨ। ਕੁਝ ਬੱਚਿਆਂ ਵਿੱਚ ਬੁਖ਼ਾਰ, ਢਿੱਡ ਵਿੱਚ ਦਰਦ, ਉਲਟੀਆਂ, ਦਸਤ, ਛਪਾਕੀ ਤੇ ਕਾਰਡੀਓਵੈਸਕਿਊਲਰ ਤੇ ਨਿਊਰੌਲੋਜੀਕਲ ਸਮੱਸਿਆਵਾਂ ਵੀ ਸਾਹਮਣੇ ਆਉਂਦੀਆਂ ਹਨ।
ਜੇ ਬੱਚਾ ਉਂਝ ਕੋਵਿਡ-ਪੌਜ਼ੇਟਿਵ ਹੋਵੇ ਪਰ ਉਸ ਵਿੱਚ ਲੱਛਣ ਕੋਈ ਨਾ ਵਿਖਾਈ ਦੇਣ, ਤਾਂ ਉਸ ਉੱਤੇ ਨਜ਼ਰ ਰੱਖਣ ਦੀ ਲੋੜ ਹੁੰਦੀ ਹੈ। ਜਿੰਨੀ ਛੇਤੀ ਉਸ ਦੇ ਲੱਛਣ ਫੜੇ ਜਾਣਗੇ, ਓਨੀ ਹੀ ਜਲਦੀ ਉਸ ਦਾ ਇਲਾਜ ਹੋ ਸਕੇਗਾ। ਜੇ ਬੱਚਿਆਂ ਵਿੱਚ ਅਜਿਹੇ ਲੱਛਣ ਮਾਮੂਲੀ ਕਿਸਮ ਦੇ ਹੋਣ, ਤਾਂ ਉਨ੍ਹਾਂ ਦੀ ਦੇਖਭਾਲ ਘਰ ਅੰਦਰ ਹੀ ਕੀਤੀ ਜਾ ਸਕਦੀ ਹੈ।
ਜਿਹੜੇ ਬੱਚਿਆਂ ਵਿੱਚ ਦਿਲ ਦਾ ਕੰਜੈਨਿਟਲ ਰੋਗ, ਫੇਫੜਿਆਂ ਦਾ ਪੁਰਾਣਾ ਰੋਗ, ਕਿਸੇ ਅੰਗ ਵਿੱਚ ਪੁਰਾਣਾ ਨੁਕਸ ਜਾਂ ਮੋਟਾਪਾ ਹੋਵੇ; ਤਦ ਵੀ ਉਨ੍ਹਾਂ ਦਾ ਇਲਾਜ ਘਰ ਅੰਦਰ ਰਹਿ ਕੇ ਹੀ ਕੀਤਾ ਜਾ ਸਕਦਾ ਹੈ। ਬੱਚਿਆਂ ਵਿੱਚ ਬੁਖ਼ਾਰ ਦੀ ਸਮੱਸਿਆ ਠੀਕ ਕਰਨ ਲਈ ਪੈਰਾਸੀਟਾਮੋਲ (10–15 ਮਿਲੀਗ੍ਰਾਮ) ਹਰੇਕ 4 ਤੋਂ 6 ਘੰਟਿਆਂ ਬਾਅਦ ਦਿੱਤੀ ਜਾ ਸਕਦੀ ਹੈ। ਖੰਘ ਹੋਣ ਦੀ ਹਾਲਤ ਵਿੱਚ ਕੋਸੇ ਪਾਣੀ ਨਾਲ ਗਰਾਰੇ ਕੀਤੇ ਜਾ ਸਕਦੇ ਹਨ।
ਬੱਚਿਆਂ ਦਾ ਕੋਵਿਡ-19 ਇਲਾਜ ਕਰਨ ਲਈ Hydroxychloroquine, Favipiravir, Ivemectin, Lopinavir/Ritonavir, Remdesivir, Umifenovir ਤੇ Ticilizumab, Interferon B1a, Dexamethasone ਸਮੇਤ ਕਿਸੇ ਇਮਿਊਨੋਡਿਊਲੇਟਰ ਦੀ ਲੋੜ ਨਹੀਂ ਹੁੰਦੀ। ਬੱਚਿਆਂ ਵਿੱਚ ਸਾਹ ਲੈਣ ਦੀ ਦਰ ਤੇ ਆਕਸੀਜਨ ਦੇ ਪੱਧਰਾਂ ਉੱਤੇ ਨਜ਼ਰ ਰੱਖਣੀ ਜ਼ਰੂਰੀ ਹੁੰਦੀ ਹੈ। ਬੱਚਿਆਂ ਵਿੱਚ ਸਰੀਰ ਦੇ ਕਿਸੇ ਹਿੱਸੇ ਦਾ ਬਦਰੰਗ ਹੋਣਾ, ਪਿਸ਼ਾਬ ਦੀ ਮਾਤਰਾ ਤੇ ਕਿਸਮ, ਪਾਣੀ ਪੀਣ ਦੀ ਸਮਰੱਥਾ ਆਦਿ ਉੱਤੇ ਵੀ ਨੇੜਿਓਂ ਨਜ਼ਰ ਰੱਖਣ ਦੀ ਲੋੜ ਹੁੰਦੀ ਹੈ।
ਜੇ ਦੋ ਮਹੀਨਿਆਂ ਤੋਂ ਨਿੱਕੇ ਬੱਚੇ ਦੀ ਸਾਹ ਲੈਣ ਦੀ ਦਰ 60 ਪ੍ਰਤੀ ਮਿੰਟ ਤੋਂ ਘੱਟ ਹੋਵੇ, ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਜੇ ਇਹ ਦਰ 50 ਪ੍ਰਤੀ ਮਿੰਟ ਤੋਂ ਘੱਟ ਹੋਵੇ ਜਾਂ ਪੰਜ ਸਾਲ ਦੀ ਉਮਰ ਤੱਕ ਦੇ ਬੱਚਿਆਂ ਵਿੱਚ ਇਹ 40 ਪ੍ਰਤੀ ਮਿੰਟ ਤੋਂ ਘੱਟ ਹੋਵੇ ਅਤੇ ਪੰਜ ਸਾਲ ਤੋਂ ਵੱਧ ਦੇ ਬੱਚਿਆਂ ਵਿੱਚ ਇਹ 30 ਪ੍ਰਤੀ ਮਿੰਟ ਤੋਂ ਘੱਟ ਹੋਵੇ, ਤਾਂ ਉਹ ਕੋਵਿਡ–19 ਦੇ ਦਰਮਿਆਨੀ ਕਿਸਮ ਦੇ ਕੇਸ ਨਾਲ ਸਬੰਧਤ ਹੋ ਸਕਦੇ ਹਨ।
ਜਦੋਂ ਤੱਕ ਬੱਚਿਆਂ ਨੂੰ ਪਹਿਲਾਂ ਤੋਂ ਹੋਰ ਕੋਈ ਰੋਗ ਨਾ ਹੋਣ, ਤਦ ਤੱਕ ਉਨ੍ਹਾਂ ਦੇ ਆਮ ਟੈਸਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਪਰ ਜੇ ਉਨ੍ਹਾਂ ਦੇ ਲੱਛਣ ਕੁਝ ਗੰਭੀਰ ਕਿਸਮ ਦੇ ਜਾਪਦੇ ਹੋਣ ਤੇ ਆਕਸੀਜਨ ਦਾ ਲੈਵਲ 90 ਫ਼ੀਸਦੀ ਤੋਂ ਘੱਟ ਹੋਵੇ, ਤਾਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Wholesale Price: ਕੋਰੋਨਾ ਦੇ ਕਹਿਰ 'ਚ ਮਹਿੰਗਾਈ ਦੀ ਮਾਰ! ਲਗਾਤਾਰ ਚੌਥੇ ਮਹੀਨੇ ਟੁੱਟੇ ਰਿਕਾਰਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin