ਚੰਡੀਗੜ੍ਹ: ਪੰਚਕੂਲਾ ਦੀ ਮਿਉਂਸਪਲ ਕੌਂਸਲਰ ਉਪਿੰਦਰਪ੍ਰੀਤ ਕੌਰ ਦੀ ਪੁਸਤਕ 'ਸਟੋਰੀਜ਼ ਆਫ਼ ਸਮੋਕ ਐਂਡ ਲਾਈਫ਼' ਨੌਨਿਹਾਲ ਸਿੰਘ, ਇੰਸਪੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਵੱਲੋਂ ਰਿਲੀਜ਼ ਕੀਤੀ ਹੈ। ਅੰਗਰੇਜ਼ੀ 'ਚ ਲਿਖੀ ਇਹ ਪੁਸਤਕ ਛੋਟੀਆਂ ਕਹਾਣੀਆਂ 'ਤੇ ਆਧਾਰਿਤ ਹੈ, ਜੋ ਲੇਖਿਕਾ ਨੇ ਤੰਬਾਕੂ ਕੰਟਰੋਲ ਦਾ ਕਾਰਜ ਕਰਦੇ ਸਮੇਂ ਜ਼ਮੀਨੀ ਪੱਧਰ 'ਤੇ ਦੇਖੀਆਂ। ਉਪਿੰਦਰਪ੍ਰੀਤ ਕੌਰ ਨੇ 1996 ਵਿੱਚ ਤੰਬਾਕੂ ਦੀ ਵਰਤੋਂ ਵਿਰੁੱਧ ਸਰਗਰਮੀਆਂ ਕਰਨ ਲਈ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦਾ ਗਠਨ ਕੀਤਾ। 3 ਅਪ੍ਰੈਲ 2015 ਨੂੰ ਅਮਤੇਸ਼ਵਰ ਕੌਰ ਦਾ ਦੇਹਾਂਤ ਹੋਣ ਤੋਂ ਬਾਅਦ ਇਹ ਕਾਰਜ ਉਨ੍ਹਾਂ ਦੀ ਧੀ ਉਪਿੰਦਰਪ੍ਰੀਤ ਕੌਰ ਨੇ ਆਪਣੇ ਹੱਥਾਂ ਵਿੱਚ ਲਿਆ ਜੋ ਕਿ ਅੱਜ ਤੱਕ ਜਾਰੀ ਹੈ। ਇਸ ਮੌਕੇ ਬੋਲਦਿਆਂ ਉਪਿੰਦਰਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਇਹ ਪੁਸਤਕ ਜ਼ਮੀਨੀ ਪੱਧਰ 'ਤੇ ਹੋਏ ਤਜਰਬਿਆਂ 'ਤੇ ਆਧਾਰਿਤ ਹੈ ਅਤੇ ਇਸ ਵਿੱਚ ਤੰਬਾਕੂ ਖਾਣ-ਪੀਣ ਕਾਰਨ ਪੈਦਾ ਹੋਏ ਦੁੱਖਾਂ ਨੂੰ ਬਿਆਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਸਤਕ ਦਾ ਉਦੇਸ਼ ਤੰਬਾਕੂ ਵਿਰੁੱਧ ਲੋਕ ਲਹਿਰ ਨੂੰ ਹਲਾਸ਼ੇਰੀ ਦੇਣਾ ਹੈ ਅਤੇ ਨੌਜਵਾਨਾਂ ਦੀ ਇਸ ਮੁਹਿੰਮ ਵਿੱਚ ਸ਼ਮੂਲੀਅਤ ਕਰਵਾਉਣਾ ਹੈ। ਉਨ੍ਹਾਂ ਪੁਸਤਕ ਆਪਣੀ ਮਾਂ ਮਰਹੂਮ ਅਮਤੇਸ਼ਵਰ ਕੌਰ ਨੂੰ ਸਮਰਪਿਤ ਕੀਤੀ ਅਤੇ ਕਿਹਾ ਕਿ ਇਸ ਪੁਸਤਕ ਤੋਂ ਇਕੱਠੀ ਹੋਈ ਰਕਮ ਤੰਬਾਕੂ ਕੰਟਰੋਲ ਦੇ ਕਾਰਜਾਂ ਵਿੱਚ ਲਗਾਈ ਜਾਵੇਗੀ।