ਵਾਸ਼ਿੰਗਟਨ  : ਹੱਡੀਆਂ ਨੂੰ ਮਜ਼ਬੂਤ ਰੱਖਣ 'ਚ ਵਿਟਾਮਿਨ ਡੀ ਦੀ ਉਪਯੋਗਤਾ ਤੋਂ ਅਸੀਂ ਸਾਰੇ ਜਾਣੂੰ ਹਾਂ। ਹੁਣ ਅਮਰੀਕੀ ਖੋਜਾਰਥੀਆਂ ਨੇ ਇਸ ਨਾਲ ਹੋਣ ਵਾਲੇ ਇਕ ਹੋਰ ਫਾਇਦੇ ਦਾ ਪਤਾ ਲਗਾਇਆ ਹੈ। ਇਹ ਘਾਤਕ ਸਾਹ ਦੀ ਇਨਫੈਕਸ਼ਨ ਤੋਂ ਬਚਾਉਣ 'ਚ ਵੀ ਸਮਰੱਥ ਹੈ। ਇਸ ਨੂੰ ਇਕਿਊਟ ਰੈਸਪਿਰੇਟਰੀ ਇਲਨੈੱਸ (ਏਆਰਆਈ) ਦੇ ਨਾਂ ਨਾਲ ਜਾਣਿਆ ਜਾਂਦਾ ਹੈ।


ਮਾਹਰਾਂ ਦਾ ਕਹਿਣਾ ਹੈ ਕਿ ਵਿਟਾਮਿਨ ਡੀ ਦੀ ਮਦਦ ਨਾਲ ਸਾਹ ਦੀ ਇਨਫੈਕਸ਼ਨ ਤੋਂ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇਗਾ। ਕੋਲੋਰਾਡੋ ਯੂਨੀਵਰਸਿਟੀ ਦੇ ਪ੍ਰੋਫੈਸਰ ਅਦਿਤ ਗਿੰਡੇ ਨੇ ਦੱਸਿਆ ਕਿ ਏਆਰਆਈ ਦੇ ਪ੍ਰਭਾਵਿਤ ਮਰੀਜ਼ਾਂ ਨੂੰ ਇਕ ਸਾਲ ਤਕ ਵਿਟਾਮਿਨ ਡੀ ਦੀ ਜ਼ਿਆਦਾ ਮਾਤਰਾ ਦੇਣ 'ਤੇ ਇਸ 'ਚ 40 ਫ਼ੀਸਦੀ ਤਕ ਦੀ ਕਮੀ ਦਰਜ ਕੀਤੀ ਗਈ।

ਉਨ੍ਹਾਂ ਮੁਤਾਬਕ ਵਿਟਾਮਿਨ ਡੀ ਇਮਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਇਨਫੈਕਸ਼ਨ ਹੋਣ ਦਾ ਖ਼ਦਸ਼ਾ ਘੱਟ ਹੋ ਜਾਂਦਾ ਹੈ। ਬਜ਼ੁਰਗਾਂ 'ਚ ਆਮ ਤੌਰ 'ਤੇ ਇਮਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਉਹ ਇਨਫੈਕਸ਼ਨ ਦੀ ਚਪੇਟ 'ਚ ਜਲਦੀ ਆ ਜਾਂਦੇ ਹਨ। ਭਾਰਤ ਵਰਗੇ ਦੇਸ਼ਾਂ 'ਚ ਹਵਾ ਪ੍ਰਦੂਸ਼ਣ ਜ਼ਿਆਦਾ ਹੋਣ ਕਾਰਨ ਸਾਹ ਸਬੰਧੀ ਇਨਫੈਕਸ਼ਨ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।