ਵਾਸ਼ਿੰਗਟਨ : ਆਉਣ ਵਾਲੇ ਦਿਨਾਂ 'ਚ ਤੁਹਾਨੂੰ ਰੋਜ਼-ਰੋਜ਼ ਮਲੇਰੀਆ ਦੀਆਂ ਗੋਲੀਆਂ ਨਹੀਂ ਖਾਣੀਆਂ ਪੈਣਗੀਆਂ। ਅਮਰੀਕੀ ਖੋਜਕਰਤਾਵਾਂ ਨੇ ਇਕ ਇਸ ਤਰ੍ਹਾਂ ਦਾ ਕੈਪਸੂਲ ਬਣਾਉਣ ਦਾ ਦਾਅਵਾ ਕੀਤਾ ਹੈ ਜਿਹੜਾ ਪੇਟ 'ਚ ਜਾ ਕੇ ਦੋ ਹਫ਼ਤੇ ਤਕ ਸਰਗਰਮ ਰਹਿ ਸਕਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਭਵਿੱਖ 'ਚ ਇਸ 'ਚ ਮਲੇਰੀਆ ਵਿਰੋਧੀ ਘੋਲ ਭਰ ਕੇ ਇਸ ਸੰਯਾਮਕ ਬਿਮਾਰੀ 'ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਰੋਕ ਲਗਾਈ ਜਾ ਸਕੇਗੀ। ਮੈਸਾਚਿਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐਮਆਈਟੀ) ਦੇ ਵਿਗਿਆਨੀਆਂ ਨੇ ਇਹ ਕਾਮਯਾਬੀ ਹਾਸਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੇਟ 'ਚ ਜਾਣ ਤੋਂ ਬਾਅਦ ਇਹ ਕੈਪਸੂਲ ਹੌਲੀ-ਹੌਲੀ ਫੁੱਲਦਾ ਹੈ ਤੇ ਇਸ ਅੰਦਰਲਾ ਮਿਸ਼ਰਣ ਉਸੇ ਅਨੁਪਾਤ 'ਚ ਬਾਹਰ ਨਿਕਲਦਾ ਹੈ। ਇਸ ਤਰ੍ਹਾਂ ਇਹ ਲੰਬੇ ਸਮੇਂ ਤਕ ਸਰਗਰਮ ਰਹਿੰਦਾ ਹੈ। ਇਸ ਨਾਲ ਵਾਰ-ਵਾਰ ਦਵਾਈ ਲੈਣ ਦੀ ਪਰੇਸ਼ਾਨੀ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ। ਇਹ ਦਵਾਈ ਪੈਰਾਸਾਈਟ ਤੋਂ ਮਿਲਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ 'ਚ ਮਦਦਗਾਰ ਹੈ। ਮਲੇਰੀਆ ਪਲਾਜਮੋਡੀਅਮ ਪੈਰਾਸਾਈਟ ਨਾਲ ਹੁੰਦਾ ਹੈ। ਮਾਦਾ ਐਨਾਫਿਲੀਜ਼ ਮੱਛਰ ਇਸਦੇ ਵਾਹਕ ਹਨ। ਵਿਗਿਆਨੀਆਂ ਨੂੰ ਆਸ ਹੈ ਕਿ ਨਵੇਂ ਕੈਪਸੂਲ ਨਾਲ ਮਲੇਰੀਆ ਖ਼ਤਮ ਕਰਨ ਦੀ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ।
ਐਮਆਈਟੀ ਦੇ ਪ੍ਰੋਫੈਸਰ ਰਾਬਰਟ ਲੈਂਗਰ ਨੇ ਦੱਸਿਆ ਕਿ ਨਵਾਂ ਕੈਪਸੂਲ ਮਲੇਰੀਆ ਤੋਂ ਇਲਾਵਾ ਹੋਰ ਬਿਮਾਰੀਆਂ ਨਾਲ ਨਜਿੱਠਣ ਦੇ ਵੀ ਸਮਰੱਥ ਹੈ। ਖ਼ਾਸ ਕਰਕੇ ਅਲਜ਼ਾਈਮਰ ਤੇ ਹੋਰ ਮਾਨਸਿਕ ਰੋਗਾਂ 'ਚ ਇਸਦੇ ਕਾਰਗਰ ਹੋਣ ਦੀ ਆਸ ਹੈ। ਆਮ ਤੌਰ 'ਤੇ ਦਵਾਈਆਂ ਪੇਟ 'ਚ ਅੰਤੜੀਆਂ ਦੇ ਸੰਪਰਕ 'ਚ ਆਉਂਦਿਆਂ ਹੀ ਅਸਰ ਦਿਖਾਉਣ ਲੱਗ ਪੈਂਦੀਆਂ ਹਨ। ਪਰ ਨਵਾਂ ਕੈਪਸੂਲ ਅਮਲ ਦੇ ਅਸਰ ਦੇ ਬਾਵਜੂਦ ਛੇਤੀ ਨਹੀਂ ਘੁਲੇਗਾ।
ਖੋਜਾਰਥੀਆਂ ਨੇ ਦੱਸਿਆ ਕਿ ਆਈਵਮੈਕਿਟਨ ਨੂੰ ਮਲੇਰੀਆ ਰੋਕੂ ਦਵਾਈ ਆਰਟੀਮਿਸੀਨਿਨ ਨਾਲ ਮਿਲਾ ਕੇ ਆਰਮਸ ਵਾਲੇ ਕੈਪਸੂਲ 'ਚ ਭਰਿਆ ਜਾਂਦਾ ਹੈ, ਜਿਹੜੇ ਰਬੜ ਵਰਗੇ ਪਦਾਰਥ ਨਾਲ ਆਪਸ 'ਚ ਜੁੜੇ ਹੁੰਦੇ ਹਨ। ਇਹ ਆਰਮਸ ਪੌਲੀਕੈਪ੍ਰੋਲੈਕਟਨ (ਇਕ ਤਰ੍ਹਾਂ ਦਾ ਪੌਲੀਮਰ) ਤੋਂ ਬਣਿਆ ਹੁੰਦਾ ਹੈ। ਇਹ ਛੇਤੀ ਨਸ਼ਟ ਨਹੀਂ ਹੁੰਦਾ। ਦਵਾਈਆਂ ਦੇ ਮਿਸ਼ਰਣ ਇਸੇ 'ਚ ਰੱਖਿਆ ਜਾ ਸਕੇਗਾ।