ਲੰਡਨ : ਭਾਰਤ 'ਚ 20 ਕਰੋੜ ਲੋਕ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹਨ। ਇਕ ਵਿਸਥਾਰਤ ਅਧਿਐਨ 'ਚ ਤੱਥ ਸਾਹਮਣੇ ਆਇਆ ਹੈ ਕਿ ਦੁਨੀਆ 'ਚ ਇਕ ਅਰਬ, 13 ਕਰੋੜ ਲੋਕ ਇਸ ਸਮੇਂ ਇਸ ਰੋਗ ਨਾਲ ਜੂਝ ਰਹੇ ਹਨ। ਲੰਡਨ ਦੇ ਇੰਪੀਰੀਅਲ ਕਾਲਜ ਦੇ ਵਿਗਿਆਨੀਆਂ ਦੀ ਅਗਵਾਈ 'ਚ ਹੋਏ ਅਧਿਐਨ 'ਚ ਕਿਹਾ ਗਿਆ ਕਿ ਪਿਛਲੇ ਚਾਰ ਦਹਾਕਿਆਂ ਦੌਰਾਨ ਦੁਨੀਆ 'ਚ ਹਾਈ ਬਲੱਡ ਪ੍ਰੈਸ਼ਰ ਰੋਗੀਆਂ ਦੀ ਗਿਣਤੀ ਦੁਗਣੀ ਹੋ ਗਈ ਹੈ।


ਦੁਨੀਆ ਦੇ ਅੱਧੇ ਤੋਂ ਵੱਧ ਇਸ ਤਰ੍ਹਾਂ ਦੇ ਰੋਗੀ ਏਸ਼ੀਆ 'ਚ ਰਹਿੰਦੇ ਹਨ। ਇਕੱਲੇ ਚੀਨ 'ਚ ਇਨ੍ਹਾਂ ਦੀ ਗਿਣਤੀ 22 ਕਰੋੜ, 60 ਲੱਖ ਹੈ। 'ਦ ਲਾਂਸੇਟ ਜਨਰਲ' 'ਚ ਪ੍ਰਕਾਸ਼ਿਤ ਖੋਜ 'ਚ 1975 ਤੋਂ ਲੈ ਕੇ 2015 ਤਕ ਦੀ ਮਿਆਦ ਦੌਰਾਨ ਦੁਨੀਆ ਦੇ ਹਰ ਦੇਸ਼ 'ਚ ਹਾਈ ਬਲੱਡ ਪ੍ਰੈਸ਼ਰ ਦੀ ਸਥਿਤੀ ਦਾ ਅਧਿਐਨ ਕੀਤਾ ਗਿਆ।

ਦੁਨੀਆ 'ਚ 59.70 ਕਰੋੜ ਮਰਦਾਂ ਅਤੇ 52.90 ਕਰੋੜ ਔਰਤਾਂ 'ਚ ਇਸ ਰੋਗ ਦਾ ਅਸਰ ਦੇਖਿਆ ਗਿਆ। ਇਹ ਤੱਥ ਵੀ ਸਾਹਮਣੇ ਆਇਆ ਕਿ ਅਮੀਰ ਦੇਸ਼ਾਂ 'ਚ ਇਹ ਬੀਮਾਰੀ ਤੇਜ਼ੀ ਨਾਲ ਘਟੀ ਹੈ ਪਰ ਖ਼ਾਸ ਤੌਰ 'ਤੇ ਅਫਰੀਕਾ ਅਤੇ ਦੱਖਣੀ ਏਸ਼ੀਆ ਦੇ ਗ਼ਰੀਬ ਜਾਂ ਦਰਮਿਆਨੇ ਆਰਥਿਕ ਦਰਜਾ ਰੱਖਣ ਵਾਲੇ ਦੇਸ਼ਾਂ 'ਚ ਤੇਜ਼ੀ ਨਾਲ ਵਧਿਆ।

ਆਬਾਦੀ ਦੇ ਤੌਰ 'ਤੇ ਦੇਖੀਏ ਤਾਂ ਯੂਰਪੀ ਦੇਸ਼ ਯੋਏਸ਼ੀਆ 'ਚ 38 ਫੀਸਦੀ ਲੋਕਾਂ ਨੂੰ ਇਹ ਬੀਮਾਰੀ ਹੈ। ਯੂਰਪ ਮਹਾਦੀਪ 'ਚ ਬਰਤਾਨੀਆ 'ਚ ਸਭ ਤੋਂ ਘੱਟ ਆਬਾਦੀ 'ਤੇ ਬੀਮਾਰੀ ਦਾ ਅਸਰ ਹੈ। ਦੱਖਣੀ ਕੋਰੀਆ, ਅਮਰੀਕਾ ਅਤੇ ਕੈਨੇਡਾ ਇਸ ਤਰ੍ਹਾਂ ਦੇ ਦੇਸ਼ ਹਨ ਜਿਥੇ ਦੁਨੀਆ ਦੇ ਸਭ ਤੋਂ ਘੱਟ ਹਾਈ ਬਲੱਡ ਪ੍ਰੈਸ਼ਰ ਦੇ ਰੋਗੀ ਹਨ।

ਦਿਲਚਸਪ ਤੱਥ ਇਹ ਹੈ ਕਿ 1975 'ਚ ਆਰਥਿਕ ਖੁਸ਼ਹਾਲੀ ਨੂੰ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਮੰਨਿਆ ਜਾ ਰਿਹਾ ਸੀ ਪਰ 2015 ਤਕ ਆਉਂਦੇ-ਆਉਂਦੇ ਗ਼ਰੀਬੀ ਇਸ ਦਾ ਪ੍ਰਮੁੱਖ ਕਾਰਨ ਬਣ ਗਈ। ਇੰਪੀਰੀਅਲ ਕਾਲਜ ਦੇ ਪ੍ਰੋਫੈਸਰ ਮਾਜਿਦ ਇਜਾਤੀ ਮੁਤਾਬਕ ਸ਼ੁਰੂਆਤੀ ਸਾਲਾਂ ਦਾ ਕੁਪੋਸ਼ਣ ਵੱਡੀ ਉਮਰ 'ਚ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਰਿਹਾ ਹੈ।

ਅਧਿਐਨ 'ਚ ਕੁਝ ਹੋਰ ਕਾਰਨ ਵੀ ਦੱਸੇ ਗਏ ਜਿਵੇਂ ਖਾਣ ਪੀਣ 'ਚ ਲਾਪਰਵਾਹੀ, ਲੂਣ ਦਾ ਜ਼ਿਆਦਾ ਇਸਤੇਮਾਲ, ਫਲ ਅਤੇ ਸਬਜ਼ੀਆਂ ਨਾ ਖਾਣਾ, ਮੋਟਾਪਾ, ਕਸਰਤ ਨਾ ਕਰਨਾ ਅਤੇ ਵਾਤਾਵਰਣ ਪ੍ਰਦੂਸ਼ਣ। ਹਾਈ ਬਲੱਡ ਪ੍ਰੈਸ਼ਰ ਦਿਲ ਦੇ ਦੌਰੇ ਅਤੇ ਬ੍ਰੇਨ ਸਟ੫ੋਕ ਦਾ ਮੁੱਖ ਕਾਰਨ ਹੈ। ਇਨ੍ਹਾਂ ਕਾਰਨ ਹਰ ਸਾਲ 75 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ।