ਚੰਡੀਗੜ੍ਹ: ਕੁਦਰਤੀ ਸੋਮਿਆ ਨਾਲ ਮਾਲੋਮਾਲ ਭਾਰਤ ਦੇ 60 ਕਰੋੜ ਲੋਕ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਇਹ ਦਾਅਵਾ ਸਰਕਾਰੀ ਅੰਕੜਿਆਂ ਵਿੱਚ ਹੋਇਆ ਹੈ। ਇਸ ਦੀ ਜਾਣਕਾਰੀ ਸੋਮਵਾਰ ਨੂੰ ਲੋਕ ਸਭਾ ਵਿੱਚ ਦਿੱਤੀ ਗਈ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2030 ਤਕ ਪਾਣੀ ਦੀ ਮੰਗ ਦੋ ਗੁਣਾ ਵਧ ਜਾਵੇਗੀ। ਇਸ ਨਾਲ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਵੇਗੀ।


 

ਨੀਤੀ ਆਯੋਗ ਵੱਲੋਂ ਦੇਸ਼ ਵਿੱਚ ਪਾਣੀ ਦੀ ਸਮੱਸਿਆ ਸਬੰਧੀ ਪੇਸ਼ ਅਧਿਐਨ ਰਿਪੋਰਟ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਪੀਣ ਵਾਲੇ ਪਾਣੀ ਤੇ ਸਫਾਈ ਬਾਰੇ ਰਾਜ ਮੰਤਰੀ ਰਮੇਸ਼ ਚੰਦੱਪਾ ਜਿਗਜਿਨਾਗੀ ਨੇ ਦੱਸਿਆ ਕਿ ਜਲ ਸੋਮਿਆਂ ਤੇ ਇਸ ਦੀ ਵਰਤੋਂ ਸਬੰਧੀ ਸਮਝ ਨੂੰ ਹੋਰ ਡੂੰਘਾ ਕਰਨ ਦੀ ਬਹੁਤ ਲੋੜ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਜਲ ਪ੍ਰਬੰਧਨ ਸੂਚਕਾਂਕ ਬਾਰੇ ਨੀਤੀ ਆਯੋਗ ਦੀ ਮੌਜੂਦਾ ਰਿਪੋਰਟ ਅਨੁਸਾਰ ਭਾਰਤ ਵਿੱਚ 60 ਕਰੋੜ ਲੋਕ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ।

ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਲ 2030 ਵਿੱਚ ਪਾਣੀ ਦੀ ਮੰਗ ਦੁੱਗਣੀ ਹੋ ਜਾਵੇਗੀ। ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦਾ ਮੰਤਰਾਲਾ ਕੇਂਦਰੀ ਸਪਾਂਸਰ ਸਕੀਮਾਂ ਜਿਵੇਂ ਦਿਹਾਤੀ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਬਾਰੇ ਕੌਮੀ ਪ੍ਰੋਗਰਾਮਾਂ ਰਾਹੀਂ ਸੂਬਿਆਂ ਨੂੰ ਪੇਂਡੂ ਇਲਾਕਿਆਂ ਵਿੱਚ ਸਾਫ ਪੀਣ ਵਾਲ ਪਾਣੀ ਮੁਹੱਈਆ ਕਰਾਉਣ ਲਈ ਤਕਨੀਕੀ ਤੇ ਵਿੱਤੀ ਮਦਦ ਦੇ ਰਿਹਾ ਹੈ।