Lung Cancer: ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਫੇਫੜਿਆਂ ਦਾ ਕੈਂਸਰ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ ਜੋ ਸਿਗਰਟ ਜਾਂ ਤੰਬਾਕੂ ਵਰਤਦੇ ਹਨ। ਪਰ ਹੁਣ ਇਹ ਗੱਲ ਪੂਰੀ ਤਰ੍ਹਾਂ ਸਹੀ ਨਹੀਂ ਰਹੀ। ਅੱਜਕੱਲ ਬਹੁਤ ਸਾਰੇ ਨਾਨ-ਸਮੋਕਰ ਲੋਕਾਂ ਨੂੰ ਵੀ ਲੰਗ ਕੈਂਸਰ ਹੋ ਰਿਹਾ ਹੈ। ਪਿਛਲੇ ਕੁਝ ਸਾਲਾਂ 'ਚ ਕੈਂਸਰ ਦੇ ਹਸਪਤਾਲਾਂ 'ਚ ਬਿਨਾਂ ਤੰਬਾਕੂ ਜਾਂ ਧੂਮਪਾਨ ਕਰਨ ਵਾਲੇ ਲੋਕਾਂ 'ਚ ਵੀ ਫੇਫੜਿਆਂ ਦੇ ਕੈਂਸਰ ਦੇ ਕੇਸ ਵਧੇ ਹਨ। ਖ਼ਾਸ ਕਰਕੇ ਵੱਡੇ ਜਾਂ ਛੋਟੇ ਸ਼ਹਿਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਵਿਚ ਇਹ ਬਿਮਾਰੀ ਵਧ ਰਹੀ ਹੈ। ਹਾਲਾਂਕਿ ਅੱਜ ਵੀ ਸਮੋਕਿੰਗ ਲੰਗ ਕੈਂਸਰ ਦਾ ਸਭ ਤੋਂ ਵੱਡਾ ਖਤਰਾ ਹੈ, ਪਰ ਇਸ ਤੋਂ ਇਲਾਵਾ ਵੀ 6 ਹੋਰ ਮੁੱਖ ਕਾਰਨ ਹਨ ਜੋ ਲੰਗ ਕੈਂਸਰ ਲਈ ਜ਼ਿੰਮੇਵਾਰ ਮੰਨੇ ਜਾ ਰਹੇ ਹਨ।
ਟੌਕਸਿਕ ਪ੍ਰਦੂਸ਼ਣ ਬਣ ਰਿਹਾ ਲੰਗ ਕੈਂਸਰ ਦਾ ਕਾਰਨ
ਭਾਰਤ ਉਨ੍ਹਾਂ ਦੇਸ਼ਾਂ 'ਚੋਂ ਇੱਕ ਹੈ ਜਿੱਥੇ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੈ। ਦਿੱਲੀ, ਕੋਲਕਾਤਾ, ਲਖਨਊ ਵਰਗੇ ਸ਼ਹਿਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) ਬਹੁਤ ਖ਼ਰਾਬ ਦਰਜ ਕੀਤਾ ਜਾਂਦਾ ਹੈ। ਇਨ੍ਹਾਂ ਸ਼ਹਿਰਾਂ ਵਿੱਚ ਗੱਡੀਆਂ ਦਾ ਧੂੰਆਂ ਤੇ ਉਦਯੋਗਿਕ ਪ੍ਰਦੂਸ਼ਣ ਹਵਾ ਨੂੰ ਖ਼ਰਾਬ ਕਰਨ ਦੇ ਮੁੱਖ ਕਾਰਨ ਹਨ। ਇਸ ਕਾਰਨ ਫੇਫੜੇ ਖਰਾਬ ਹੋਣ ਲੱਗ ਪੈਂਦੇ ਹਨ। ਜਦ ਕੋਈ ਵਿਅਕਤੀ ਲੰਬੇ ਸਮੇਂ ਤੱਕ ਮਾਈਕ੍ਰੋ ਪਾਰਟੀਕਲਜ਼ ਅਤੇ ਹਾਈਡ੍ਰੋਕਾਰਬਨ ਨਾਲ ਭਰੀ ਹਵਾ ਵਿਚ ਜੀਵਨ ਗੁਜ਼ਾਰਦਾ ਹੈ, ਤਾਂ ਉਨ੍ਹਾਂ ਦੇ ਸੈੱਲਾਂ ਵਿੱਚ ਬਦਲਾਅ ਆਉਣ ਲੱਗਦੇ ਹਨ। ਇਹ ਹਾਲਾਤ ਉਹਨਾਂ ਲੋਕਾਂ ਵਿਚ ਵੀ ਦੇਖੇ ਜਾ ਰਹੇ ਹਨ ਜਿਨ੍ਹਾਂ ਨੇ ਕਦੇ ਵੀ ਸਿਗਰਟ ਨੂੰ ਹੱਥ ਨਹੀਂ ਲਾਇਆ।
ਇਹ ਵਾਲਾ ਧੂੰਏ ਤੋਂ ਵੀ ਹੁੰਦਾ ਲੰਗ ਕੈਂਸਰ ਦਾ ਖਤਰਾ
ਵੱਡੇ ਤੇ ਛੋਟੇ ਸ਼ਹਿਰੀ ਇਲਾਕਿਆਂ ਵਿੱਚ ਕਈ ਘਰਾਂ ਦੀ ਰਸੋਈ ਵਿਚ ਵੈਂਟੀਲੇਸ਼ਨ ਦੀ ਠੀਕ ਢੰਗ ਨਾਲ ਸੁਵਿਧਾ ਨਹੀਂ ਹੁੰਦੀ। ਏਗਜ਼ਾਸਟ ਫੈਨ ਜਾਂ ਚਿਮਨੀ ਵਰਗੀਆਂ ਚੀਜ਼ਾਂ ਬਹੁਤ ਘੱਟ ਘਰਾਂ ਵਿੱਚ ਲਗੀਆਂ ਹੁੰਦੀਆਂ ਹਨ। ਜਿਸ ਕਰਕੇ ਜਦੋਂ ਗੈਸ ਤੇ ਖਾਣਾ ਬਣਾਇਆ ਜਾਂਦਾ ਹੈ ਜਾਂ ਤੇਲ ਨੂੰ ਬਹੁਤ ਜ਼ਿਆਦਾ ਗਰਮ ਕੀਤਾ ਜਾਂਦਾ ਹੈ, ਤਾਂ ਉਸ ਤੋਂ ਨਿਕਲਣ ਵਾਲਾ ਧੂੰਆਂ ਸਿੱਧਾ ਸਾਹ ਰਾਹੀਂ ਅੰਦਰ ਜਾਂਦਾ ਹੈ। ਲੰਬੇ ਸਮੇਂ ਤੱਕ ਇਹ ਧੂੰਆਂ ਸਿਹਤ ਲਈ ਨੁਕਸਾਨਦੇਹ ਸਾਬਤ ਹੁੰਦਾ ਹੈ ਅਤੇ ਲੰਗ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ। ਇੰਡੋਰ ਏਅਰ ਕੁਆਲਿਟੀ ਖਰਾਬ ਹੋਣ ਕਾਰਨ ਕਈ ਔਰਤਾਂ ਇਸ ਬਿਮਾਰੀ ਦੀ ਸ਼ਿਕਾਰ ਹੋ ਰਹੀਆਂ ਹਨ।
ਸੈਕਿੰਡ ਹੈਂਡ ਸਮੋਕ ਬਣ ਰਿਹਾ ਖਤਰਨਾਕ
ਜਦੋਂ ਪਰਿਵਾਰ ਦੇ ਪੁਰਸ਼ ਮੈਂਬਰ ਸਿਗਰਟ ਪੀਦੇ ਹਨ, ਤਾਂ ਉਹ ਧੂੰਆਂ ਅਣਜਾਣੇ ਵਿੱਚ ਘਰ ਦੀਆਂ ਔਰਤਾਂ ਅਤੇ ਬੱਚਿਆਂ ਦੇ ਫੇਫੜਿਆਂ ਵਿੱਚ ਚਲਾ ਜਾਂਦਾ ਹੈ। ਇਸਨੂੰ ਹੀ ਸੈਕਿੰਡ ਹੈਂਡ ਸਮੋਕ ਕਿਹਾ ਜਾਂਦਾ ਹੈ। ਇਹ ਧੂੰਆਂ ਉਨ੍ਹਾਂ ਲੋਕਾਂ ਦੇ ਫੇਫੜਿਆਂ ਵਿੱਚ ਟਾਰ ਇਕੱਠਾ ਕਰ ਦਿੰਦਾ ਹੈ, ਜਿਨ੍ਹਾਂ ਨੇ ਕਦੇ ਵੀ ਸਿਗਰਟ ਨਹੀਂ ਪੀਤੀ ਹੁੰਦੀ। ਇਸ ਕਾਰਨ ਉਨ੍ਹਾਂ 'ਚ ਲੰਗ ਕੈਂਸਰ ਦਾ ਖਤਰਾ ਦੋ ਗੁਣਾ ਹੋ ਜਾਂਦਾ ਹੈ।
ਜਨੈਟਿਕ ਕਾਰਨ ਵੀ ਨੇ ਲੰਗ ਕੈਂਸਰ ਦੇ ਜ਼ਿੰਮੇਵਾਰ
ਕਈ ਵਾਰੀ ਨੌਜਵਾਨ ਉਮਰ ਦੇ ਲੋਕਾਂ, ਖ਼ਾਸ ਕਰਕੇ ਔਰਤਾਂ ਵਿੱਚ, ਕਿਸੇ ਵੀ ਵਿਸ਼ੇਸ਼ ਕਾਰਨ ਤੋਂ ਬਿਨਾਂ ਸੈੱਲਾਂ ਵਿੱਚ ਮਿਊਟੇਸ਼ਨ ਹੋ ਜਾਂਦਾ ਹੈ ਅਤੇ ਉਹ ਤੇਜ਼ੀ ਨਾਲ ਵਧਣ ਲੱਗਦੇ ਹਨ। ਇਸ ਕਾਰਨ, ਬਿਨਾਂ ਸਿਗਰਟ ਪੀਣ ਜਾਂ ਪ੍ਰਦੂਸ਼ਣ ਵਾਲੇ ਰਿਸਕ ਫੈਕਟਰ ਹੋਣ ਦੇ ਬਾਵਜੂਦ ਵੀ ਲੰਗ ਕੈਂਸਰ ਹੋ ਸਕਦਾ ਹੈ।
ਹੈਵੀ ਮੈਟਲ ਅਤੇ ਰਸਾਇਣਾਂ ਦੇ ਸੰਪਰਕ ਵਿਚ ਰਹਿਣ ਵਾਲੇ ਲੋਕ
ਜੋ ਲੋਕ ਹੈਵੀ ਮੈਟਲ ਜਾਂ ਰਸਾਇਣਾਂ ਦੇ ਸੰਪਰਕ ਵਿਚ ਰਹਿੰਦੇ ਹਨ, ਜਿਵੇਂ ਕਿ ਐਸਬੈਸਟਸ, ਰੈਡੌਨ ਜਾਂ ਡੀਜ਼ਲ ਆਦਿ, ਅਤੇ ਜਿਨ੍ਹਾਂ ਦੇ ਆਸ-ਪਾਸ ਵਧੀਆ ਵੈਂਟੀਲੇਸ਼ਨ ਨਹੀਂ ਹੁੰਦੀ, ਉਨ੍ਹਾਂ ਵਿੱਚ ਲੰਗ ਕੈਂਸਰ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਇਹ ਜ਼ਹਿਰੀਲੇ ਤੱਤ ਲੰਮੇ ਸਮੇਂ ਤੱਕ ਸਰੀਰ ਵਿੱਚ ਰਿਹਾਇਸ਼ ਕਰਕੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਸਹੀ ਸਮੇਂ ‘ਤੇ ਲੰਗ ਕੈਂਸਰ ਦਾ ਪਤਾ ਨਾ ਲੱਗਣਾ ਬਣਦਾ ਹੈ ਵੱਡੀ ਚਿੰਤਾ
ਕਈ ਨਾਨ-ਸਮੋਕਰਜ਼ ਨੂੰ ਲੰਗ ਕੈਂਸਰ ਹੋਣ ਦਾ ਪਤਾ ਬਹੁਤ ਦੇਰ ਨਾਲ ਲੱਗਦਾ ਹੈ। ਲਗਾਤਾਰ ਖੰਘ ਆਉਣ ਜਾਂ ਸਾਂਹ ਚੜ੍ਹਨ ਵਰਗੇ ਲੱਛਣਾਂ ਨੂੰ ਅਕਸਰ ਅਸਥਮਾ, ਟੀਬੀ ਜਾਂ ਐਲਰਜੀ ਸਮਝ ਕੇ ਇਲਾਜ ਕੀਤਾ ਜਾਂਦਾ ਹੈ। ਜਿਸ ਕਾਰਨ ਕੈਂਸਰ ਦਾ ਪਤਾ ਸਹੀ ਸਮੇਂ ‘ਤੇ ਨਹੀਂ ਲੱਗਦਾ ਅਤੇ ਇਹ ਤੀਜੇ ਪੜਾਅ 'ਚ ਦਾਖ਼ਲ ਹੋ ਜਾਂਦਾ ਹੈ।
ਹੁਣ ਇਹ ਗੱਲ ਪੂਰੀ ਤਰ੍ਹਾਂ ਮਿਥ ਬਣ ਚੁੱਕੀ ਹੈ ਕਿ ਸਿਰਫ਼ ਸਿਗਰਟ ਪੀਣ ਵਾਲਿਆਂ ਨੂੰ ਹੀ ਲੰਗ ਕੈਂਸਰ ਹੁੰਦਾ ਹੈ। ਇਸ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਇਸ ਲਈ ਜੇ ਸਰੀਰ ‘ਚ ਐਸੇ ਕੋਈ ਲੱਛਣ ਦਿਖਣ, ਤਾਂ ਤੁਰੰਤ ਕੈਂਸਰ ਦੀ ਜਾਂਚ ਕਰਵਾਉਣਾ ਬੇਹੱਦ ਜ਼ਰੂਰੀ ਹੈ।
ਲੰਗ ਕੈਂਸਰ ਦੇ ਲੱਛਣ
ਲੰਗ ਕੈਂਸਰ ਹੋਣ ‘ਤੇ ਸਰੀਰ ਵਿੱਚ ਕੁਝ ਖਾਸ ਕਿਸਮ ਦੇ ਲੱਛਣ ਨਜ਼ਰ ਆਉਂਦੇ ਹਨ। ਜੇਕਰ ਤੁਸੀਂ ਸਿਗਰਟ ਨਹੀਂ ਪੀਂਦੇ ਪਰ ਇਹ ਲੱਛਣ ਮਹਿਸੂਸ ਕਰ ਰਹੇ ਹੋ, ਤਾਂ ਤੁਰੰਤ ਕੈਂਸਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਲਗਾਤਾਰ ਖੰਘ ਜੋ ਹੌਲੀ-ਹੌਲੀ ਹੋਰ ਖ਼ਰਾਬ ਹੋ ਰਹੀ ਹੋਵੇ
ਖੰਘ ਨਾਲ ਖੂਨ ਆਉਣਾ
ਸਾਂਹ ਲੈਣ ਵਿੱਚ ਦਿੱਕਤ ਹੋਣਾ
ਸਾਂਹ ਲੈਣ ਸਮੇਂ ਛੂੰ-ਛੂੰ ਦੀ ਆਵਾਜ਼ ਆਉਣਾ
ਗਲੇ ਦੀ ਆਵਾਜ਼ ਵਿੱਚ ਬਦਲਾਅ ਮਹਿਸੂਸ ਕਰਨਾ
ਭੁੱਖ ਨਾ ਲੱਗਣਾ
ਬਿਨਾਂ ਕਿਸੇ ਕਾਰਨ ਵਜ਼ਨ ਘਟਣਾ
ਹਮੇਸ਼ਾ ਥਕਾਵਟ ਮਹਿਸੂਸ ਹੋਣਾ
ਖਾਣਾ ਜਾਂ ਥੂਕ ਨਿਗਲਣ ਵਿੱਚ ਦਿੱਕਤ ਹੋਣਾ
ਚਿਹਰੇ ਜਾਂ ਗਰਦਨ ਵਿੱਚ ਸੋਜ ਆਉਣਾ
ਨਿਊਮੋਨੀਆ ਜਾਂ ਫੇਫੜਿਆਂ ਨਾਲ ਸੰਬੰਧਿਤ ਹੋਰ ਬਿਮਾਰੀ ਹੋਣਾ
ਇਨ੍ਹਾਂ ਲੱਛਣਾਂ ਤੋਂ ਇਲਾਵਾ ਜੇਕਰ ਤੁਸੀਂ ਲਗਾਤਾਰ ਬਿਮਾਰ ਰਹਿੰਦੇ ਹੋ ਜਾਂ ਖੰਘ ਦੇ ਕਾਰਨ ਛਾਤੀ ਵਿੱਚ ਦਰਦ ਬਣਿਆ ਰਹਿੰਦਾ ਹੈ, ਤਾਂ ਕੈਂਸਰ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇਸ ਨਾਲ ਸਮੇਂ 'ਤੇ ਇਲਾਜ ਸ਼ੁਰੂ ਹੋ ਸਕਦਾ ਹੈ ਅਤੇ ਗੰਭੀਰ ਨਤੀਜਿਆਂ ਤੋਂ ਬਚਿਆ ਜਾ ਸਕਦਾ ਹੈ।