ਸਰਦੀਆਂ ‘ਚ ਮਹਿਲਾਵਾਂ ਦੇ ਪੈਰਾਂ ਦਾ ਠੰਡੇ ਰਹਿਣਾ ਆਮ ਗੱਲ ਹੈ, ਪਰ ਕਈ ਵਾਰ ਇਹ ਸਮੱਸਿਆ ਮੌਸਮ ਨਾਲੋਂ ਵੀ ਵੱਧ ਸਮਾਂ ਤੱਕ ਬਣੀ ਰਹਿੰਦੀ ਹੈ—ਭਾਵੇਂ ਮੋਜੇ ਪਹਿਨੇ ਹੋਣ ਜਾਂ ਨਾ। ਪੈਰ ਹਮੇਸ਼ਾ ਠੰਡੇ ਰਹਿਣ ਦੇ ਕਈ ਵਿਗਿਆਨਕ ਅਤੇ ਸਰੀਰਕ ਕਾਰਨ ਹੁੰਦੇ ਨੇ, ਜੋ ਔਰਤਾਂ ਵਿੱਚ ਮਰਦਾਂ ਨਾਲੋਂ ਵੱਧ ਦਿੱਖਦੇ ਨੇ। ਇਹ ਸਮੱਸਿਆ ਹਲਕੀ ਵੀ ਹੋ ਸਕਦੀ ਹੈ, ਪਰ ਕਈ ਵਾਰ ਇਹ ਕਿਸੇ ਸਿਹਤ ਸੰਬੰਧੀ ਸਮੱਸਿਆ ਦਾ ਸੰਕੇਤ ਵੀ ਹੋ ਸਕਦੀ ਹੈ, ਇਸ ਲਈ ਇਸਦੇ ਕਾਰਨਾਂ ਨੂੰ ਸਮਝਣਾ ਜ਼ਰੂਰੀ ਹੈ।
ਔਰਤਾਂ ਦੇ ਪੈਰ ਜ਼ਿਆਦਾਤਰ ਠੰਡੇ ਰਹਿਣਾ ਸਰੀਰ ਦੀ ਬਣਾਵਟ, ਹਾਰਮੋਨ ਅਤੇ ਖ਼ੂਨ ਦੇ ਸੰਚਾਰ (circulatory system) ਨਾਲ ਜੁੜੇ ਕਈ ਕੁਦਰਤੀ ਕਾਰਨਾਂ ਦਾ ਨਤੀਜਾ ਹੁੰਦਾ ਹੈ। ਇਥੇ ਜਾਣੋ ਵਿਸਥਾਰ ਨਾਲ-
ਔਰਤਾਂ ਦਾ ਸਰੀਰ ਇਸ ਤਰ੍ਹਾਂ ਬਣਿਆ ਹੁੰਦਾ ਹੈ ਕਿ ਜਦੋਂ ਤਾਪਮਾਨ ਘਟਦਾ ਹੈ, ਤਾਂ ਗਰਮੀ ਸਭ ਤੋਂ ਪਹਿਲਾਂ ਸਰੀਰ ਦੇ ਮਹੱਤਵਪੂਰਨ ਅੰਗਾਂ-ਜਿਵੇਂ ਦਿਲ, ਦਿਮਾਗ ਅਤੇ ਖ਼ਾਸ ਕਰਕੇ ਪ੍ਰਜਨਨ ਤੰਤਰ-ਵੱਲ ਭੇਜੀ ਜਾਂਦੀ ਹੈ। ਇਨ੍ਹਾਂ ਅੰਗਾਂ ਦੀ ਸੁਰੱਖਿਆ ਸਰੀਰ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੁੰਦੀ ਹੈ।
ਇਸ ਪ੍ਰਕਿਰਿਆ ਦੌਰਾਨ ਗਰਮ ਖ਼ੂਨ ਹੱਥ-ਪੈਰ ਵਰਗੇ ਬਾਹਰੀ ਹਿੱਸਿਆਂ ਤੱਕ ਘੱਟ ਪਹੁੰਚਦਾ ਹੈ, ਜਿਸ ਕਰਕੇ ਪੈਰ ਜ਼ਿਆਦਾ ਤੇ ਜਲਦੀ ਠੰਡੇ ਹੋ ਜਾਂਦੇ ਨੇ।
ਇਸ ਤੋਂ ਇਲਾਵਾ ਮਹਿਲਾਵਾਂ ਵਿੱਚ ਮਾਸਪੇਸ਼ੀਆਂ ਦਾ ਪ੍ਰਤੀਸ਼ਤ ਕੁਦਰਤੀ ਤੌਰ ‘ਤੇ ਘੱਟ ਹੁੰਦਾ ਹੈ। ਮਾਸਪੇਸ਼ੀਆਂ ਸਰੀਰ ਵਿੱਚ ਗਰਮੀ ਪੈਦਾ ਕਰਨ ਦਾ ਸਭ ਤੋਂ ਵੱਡਾ ਸਰੋਤ ਹੁੰਦੀਆਂ ਨੇ, ਇਸ ਲਈ ਜਦੋਂ ਮਾਸਪੇਸ਼ੀਆਂ ਘੱਟ ਹੁੰਦੀਆਂ ਨੇ ਤਾਂ ਸਰੀਰ ਵੀ ਘੱਟ ਗਰਮੀ ਤਿਆਰ ਕਰ ਪਾਉਂਦਾ ਹੈ। ਇਸਦਾ ਸਿੱਧਾ ਅਸਰ ਪੈਰਾਂ ‘ਤੇ ਦਿੱਖਦਾ ਹੈ, ਜਿੱਥੇ ਗਰਮੀ ਸਭ ਤੋਂ ਆਖ਼ਰ ਵਿੱਚ ਪਹੁੰਚਦੀ ਹੈ।
ਹਾਰਮੋਨਲ ਵੀ ਇੱਕ ਮੁੱਖ ਵਜ੍ਹਾ
ਹਾਰਮੋਨਲ ਬਦਲਾਅ ਵੀ ਇਸਦਾ ਇੱਕ ਵੱਡਾ ਕਾਰਨ ਹੁੰਦਾ ਹੈ। ਐਸਟ੍ਰੋਜਨ, ਜੋ ਇਸਤਰੀਆਂ ਦਾ ਮੁੱਖ ਹਾਰਮੋਨ ਹੈ, ਖ਼ੂਨ ਦੇ ਸੰਚਾਰ ਨੂੰ ਪ੍ਰਭਾਵਿਤ ਕਰਦਾ ਹੈ। ਇਸਦੇ ਉਤਾਰ-ਚੜ੍ਹਾਅ ਕਾਰਨ ਖੂਨ ਦੀ ਗਤੀ ਅਤੇ ਤਾਪਮਾਨ ਦਾ ਸੰਤੁਲਨ ਬਦਲਦਾ ਰਹਿੰਦਾ ਹੈ, ਜਿਸ ਨਾਲ ਹੱਥ-ਪੈਰ ਹੋਰ ਵੀ ਠੰਡੇ ਮਹਿਸੂਸ ਹੁੰਦੇ ਨੇ।
ਇੱਕ ਦਿਲਚਸਪ ਗੱਲ ਇਹ ਹੈ ਕਿ ਔਰਤਾਂ ਭਾਵਨਾਤਮਕ ਤੌਰ ‘ਤੇ ਵੀ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ। ਜਦੋਂ ਤਣਾਅ ਹੁੰਦਾ ਹੈ ਤਾਂ ਸਰੀਰ ਤੁਰੰਤ ਖ਼ੂਨ ਦਾ ਸੰਚਾਰ ਕੋਰ (core) ਵੱਲ ਭੇਜ ਦਿੰਦਾ ਹੈ, ਜਿਸ ਕਰਕੇ ਪੈਰਾਂ ਤੱਕ ਗਰਮੀ ਠੀਕ ਤਰ੍ਹਾਂ ਨਹੀਂ ਪਹੁੰਚ ਪਾਉਂਦੀ।
ਥਾਇਰਾਇਡ ਘੱਟ ਹੋਣ ‘ਤੇ ਸਰੀਰ ਦਾ ਮੈਟਾਬੋਲਿਜ਼ਮ ਹੌਲਾ ਹੋ ਜਾਂਦਾ ਹੈ। ਇਸ ਕਰਕੇ ਸਰੀਰ ਤਰੀਕੇ ਨਾਲ ਗਰਮੀ ਨਹੀਂ ਬਣਾ ਸਕਦਾ ਅਤੇ ਹੱਥ-ਪੈਰ ਹਮੇਸ਼ਾ ਠੰਡੇ ਮਹਿਸੂਸ ਹੁੰਦੇ ਨੇ।
ਕਈ ਇਸਤਰੀਆਂ ਵਿੱਚ ਐਨੀਮੀਆ ਜਾਂ ਖ਼ੂਨ ਦੀ ਕਮੀ ਵੀ ਪਾਈ ਜਾਂਦੀ ਹੈ। ਆਇਰਨ ਦੀ ਕਮੀ ਨਾਲ ਹੀਮੋਗਲੋਬਿਨ ਘੱਟ ਹੋ ਜਾਂਦਾ ਹੈ ਅਤੇ ਸਰੀਰ ਦੀ ਗਰਮੀ ਸੰਭਾਲ ਕੇ ਰੱਖਣ ਦੀ ਸਮਰੱਥਾ ਘਟ ਜਾਂਦੀ ਹੈ।
ਕੀ ਕਰੀਏ?
ਮਹਿਲਾਵਾਂ ਦੇ ਪੈਰ ਠੰਡੇ ਰਹਿਣਾ ਕਈ ਵਾਰ ਕੁਦਰਤੀ ਹੁੰਦਾ ਹੈ, ਪਰ ਠੀਕ ਦੇਖਭਾਲ ਨਾਲ ਇਸਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ।
- ਉਨੀ ਜੁਰਾਬਾਂ ਪਾਓ
- ਹਰ ਰੋਜ਼ ਹਲਕੀ ਕਸਰਤ ਜਾਂ ਤੁਰਨਾ ਜਰੂਰੀ ਹੈ
- ਗਰਮ ਪਾਣੀ 'ਚ ਪੈਰ ਰੱਖ ਕੇ ਬੈਠ ਸਕਦੇ ਹੋ
- ਪੈਰਾਂ ਦੀ ਮਾਲਿਸ਼ ਕਰੋ ਤਾਂ ਕਿ ਖੂਨ ਦਾ ਸਰਕੂਲੇਸ਼ਨ ਵਧੇ ਤੇ ਗਰਮੀ ਮਿਲੇ
- ਨਾਲ ਹੀ ਆਇਰਨ, B12 ਅਤੇ ਥਾਇਰਾਇਡ ਦੀ ਜਾਂਚ ਕਰਵਾਣਾ ਵੀ ਲਾਭਦਾਇਕ ਹੈ
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।