ਟੋਰੋਂਟੋ: ਮਰਦਾਂ ਵਿੱਚ ਸਰੀਰਕ ਤਾਕਤ ਬੇਸ਼ੱਕ ਜ਼ਿਆਦਾ ਹੋਵੇ ਪਰ ਔਰਤਾਂ ਸਹਿਨਸ਼ੀਲਤਾ ਤੇ ਸਟੈਮਿਨਾ ਦੇ ਮਾਮਲੇ 'ਚ ਉਨ੍ਹਾਂ 'ਤੇ ਭਾਰੂ ਪੈ ਜਾਂਦੀਆਂ ਹਨ। ਹਾਲ ਹੀ ਵਿੱਚ ਆਈ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ।

ਖੋਜਕਾਰਾਂ ਨੇ ਲੱਭਿਆ ਹੈ ਕਿ ਉਮਰ ਤੇ ਦੌੜਨ ਦੀ ਸਮਰੱਥਾ ਵਿੱਚ ਮਰਦਾਂ ਦੇ ਮੁਕਾਬਲੇ ਜ਼ੋਰ ਲਾਉਣ ਵਾਲੇ ਅਭਿਆਸ ਦੇ ਬਾਵਜੂਦ ਔਰਤਾਂ ਘੱਟ ਥੱਕਦੀਆਂ ਹਨ। ਖੋਜ ਵਿੱਚ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ (ਯੂ.ਬੀ.ਸੀ.) ਦੇ ਖੋਜਕਾਰ ਵੀ ਸ਼ਾਮਲ ਸਨ।

ਯੂ.ਬੀ.ਸੀ. ਵਿੱਚ ਸਹਾਇਕ ਪ੍ਰੋਫੈਸਰ ਬ੍ਰਿਆਨ ਡਾਲਟਨ ਨੇ ਕਿਹਾ ਕਿ ਇਹ ਤਾਂ ਪਤਾ ਸੀ ਕਿ ਭਾਰ ਚੁੱਕਣ ਵਰਗੇ ਕੰਮਾਂ ਵਿੱਚ ਜਿੱਥੇ ਜੋੜਾਂ ਦੀ ਹਰਕਤ ਘੱਟ ਹੁੰਦੀ ਹੈ, ਉਸ ਵਿੱਚ ਔਰਤਾਂ ਜ਼ਿਆਦਾ ਨਹੀਂ ਥੱਕਦੀਆਂ ਪਰ ਰੋਜ਼ਾਨਾ ਦੇ ਬਹੁਮੰਤਵੀ ਤੇ ਪ੍ਰੈਕਟੀਕਲ ਕਿਰਿਆਵਾਂ ਵਿੱਚ ਵੇਖਣਾ ਸੀ ਕਿ ਕੀ ਇਹ ਤੱਥ ਸਹੀ ਸਾਬਤ ਹੁੰਦਾ ਹੈ ਕਿ ਨਾ।

ਉਨ੍ਹਾਂ ਕਿਹਾ ਕਿ ਇਸ ਦਾ ਨਤੀਜਾ ਸਹੀ ਤੇ ਸ਼ਾਨਦਾਰ ਪਾਇਆ ਗਿਆ। ਔਰਤਾਂ ਵੱਡੇ ਫਰਕ ਨਾਲ ਮਰਦਾਂ ਨੂੰ ਪਿੱਛੇ ਛੱਡ ਸਕਦੀਆਂ ਹਨ। ਖੋਜਕਾਰਾਂ ਨੇ ਅੱਠ ਮਰਦਾਂ ਅਤੇ ਨੌਂ ਔਰਤਾਂ ਨੂੰ ਸਮਾਨ ਸਰੀਰਕ ਤੰਦਰੁਸਤੀ ਪੱਧਰ 'ਤੇ ਇਸ ਪ੍ਰੀਖਿਆ ਲਈ ਚੁਣਿਆ ਸੀ।