Higher risk of heart disease: ਪਿਛਲੇ ਦਿਨੀਂ ਦਿਲ ਦੇ ਦੌਰੇ ਦੇ ਕਈ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆਏ ਹਨ। ਸਿਰਫ ਆਮ ਲੋਕ ਹੀ ਨਹੀਂ ਸਗੋਂ ਕਈ ਵੱਡੇ ਸੈਲੇਬਸ ਦੀ ਵੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋ ਗਈ। ਵਿਦੇਸ਼ਾਂ ਤੋਂ ਵੀ ਭਾਰਤੀ ਵਿਦਿਆਰਥੀਆਂ ਦੀ ਹਾਰਟ ਅਟੈਕ ਨਾਲ ਮੌਤ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ।


ਇਸ ਦੇ ਨਾਲ ਹੀ ਦਿਲ ਦੇ ਰੋਗਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖੋਜਾਂ ਵੀ ਹੋ ਰਹੀਆਂ ਹਨ। ਸਾਰੀਆਂ ਖੋਜਾਂ ਵਿੱਚ ਇੱਕ ਗੱਲ ਸਪਸ਼ਟ ਸਾਹਮਣੇ ਆ ਰਹੀ ਹੈ ਕਿ ਸਾਡੀ ਵਿਗੜਦੀ ਜੀਵਨ ਸ਼ੈਲੀ ਵੀ ਬਿਮਾਰੀਆਂ ਦਾ ਵੱਡਾ ਕਾਰਨ ਹੈ। ਇਸ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਲੋਕ ਨਾ ਤਾਂ ਸਮੇਂ ਸਿਰ ਸੌਂਦੇ ਹਨ ਤੇ ਨਾ ਹੀ ਸਮੇਂ ਸਿਰ ਖਾਣਾ ਖਾਂਦੇ ਹਨ। ਇਹ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। 


ਹਾਲ ਹੀ 'ਚ ਇੱਕ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਡੇ ਸੌਣ ਦਾ ਪੈਟਰਨ ਵੀ ਦਿਲ ਦੀਆਂ ਬੀਮਾਰੀਆਂ ਨਾਲ ਜੁੜਿਆ ਹੋਇਆ ਹੈ। ਖੋਜ ਮੁਤਾਬਕ ਰਾਤ ਨੂੰ ਸਹੀ ਸਮੇਂ 'ਤੇ ਸੌਣ ਨਾਲ ਹਾਰਟ ਅਟੈਕ ਦੇ ਖਤਰੇ ਨੂੰ ਰੋਕਿਆ ਜਾ ਸਕਦਾ ਹੈ। ਇਹ ਦਾਅਵਾ ਐਕਸੀਟਰ ਯੂਨੀਵਰਸਿਟੀ ਵਿੱਚ ਕੀਤੀ ਗਈ ਖੋਜ ਵਿੱਚ ਕੀਤਾ ਗਿਆ ਹੈ।


ਸਲੀਪ ਪੈਟਰਨ ਤੇ ਦਿਲ ਦੀ ਬਿਮਾਰੀ ਵਿਚਾਲੇ ਕਨੈਕਸ਼ਨ
ਅਧਿਐਨ ਮੁਤਾਬਕ ਜੋ ਲੋਕ ਰਾਤ 12 ਵਜੇ ਤੱਕ ਜਾਗਦੇ ਰਹਿੰਦੇ ਹਨ, ਉਨ੍ਹਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਰਿਸਰਚ 'ਚ ਕਿਹਾ ਗਿਆ ਹੈ ਕਿ ਸਲੀਪ ਪੈਟਰਨ ਤੇ ਦਿਲ ਦੀ ਬੀਮਾਰੀ 'ਚ ਸਿੱਧਾ ਸਬੰਧ ਹੈ। ਇਸ ਖੋਜ ਵਿੱਚ ਇੰਗਲੈਂਡ ਦੇ 88 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਅਧਿਐਨ ਵਿੱਚ ਲੋਕਾਂ ਤੋਂ ਉਨ੍ਹਾਂ ਦੇ ਸੌਣ ਤੇ ਜਾਗਣ ਦੇ ਸਮੇਂ ਬਾਰੇ ਜਾਣਕਾਰੀ ਲਈ ਗਈ। ਇਸ ਦੇ ਨਾਲ ਹੀ ਖਾਣ-ਪੀਣ ਤੇ ਜੀਵਨ ਸ਼ੈਲੀ ਸਬੰਧੀ ਹੋਰ ਜਾਣਕਾਰੀ ਵੀ ਲਈ ਗਈ।


ਸਲੀਪ ਪੈਟਰਨ ਵਿੱਚ ਬਦਲਾਅ ਜੋਖਮ ਨੂੰ ਘਟਾ ਸਕਦਾ


ਖੋਜ ਵਿੱਚ ਸ਼ਾਮਲ ਲੋਕਾਂ ਦੇ ਮੈਡੀਕਲ ਰਿਕਾਰਡ ਦੀ ਚਾਰ ਸਾਲਾਂ ਤੱਕ ਜਾਂਚ ਕੀਤੀ ਗਈ। ਅਧਿਐਨ ਮੁਤਾਬਕ ਜੋ ਲੋਕ ਰਾਤ ਨੂੰ 11 ਵਜੇ ਤੋਂ ਪਹਿਲਾਂ ਸੌਂਦੇ ਸਨ, ਉਨ੍ਹਾਂ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਘੱਟ ਸਨ। ਦੂਜੇ ਪਾਸੇ, ਜੋ ਲੋਕ ਲੇਟ ਜਾਂ 11 ਵਜੇ ਤੋਂ ਬਾਅਦ ਸੌਂਦੇ ਸਨ, ਉਨ੍ਹਾਂ ਵਿੱਚ ਦਿਲ ਦੀ ਬਿਮਾਰੀ ਦਾ ਖ਼ਤਰਾ 35 ਪ੍ਰਤੀਸ਼ਤ ਵੱਧ ਸੀ। ਖੋਜ ਵਿੱਚ ਕਿਹਾ ਗਿਆ ਹੈ ਕਿ ਦੇਰ ਨਾਲ ਸੌਣ ਨਾਲ ਸਰੀਰ ਦੀ ਸਰਕੇਡੀਅਨ ਰਿਦਮ ਵਿਗੜਣ ਲੱਗਦੀ ਹੈ। ਇਸ ਕਾਰਨ ਦਿਲ ਵੀ ਪ੍ਰਭਾਵਿਤ ਹੋ ਸਕਦਾ ਹੈ। ਅਜਿਹੇ 'ਚ ਖੋਜਕਾਰਾਂ ਨੇ ਲੋਕਾਂ ਨੂੰ 11 ਵਜੇ ਤੱਕ ਸੌਣ ਦੀ ਸਲਾਹ ਦਿੱਤੀ ਹੈ।


ਜੀਵਨ ਸ਼ੈਲੀ ਤੇ ਮਾਨਸਿਕ ਸਿਹਤ
ਅਮਰੀਕਨ ਹਾਰਟ ਜਰਨਲ ਮੁਤਾਬਕ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਜੀਵਨ ਸ਼ੈਲੀ ਨੂੰ ਸਹੀ ਰੱਖਣਾ ਵੀ ਜ਼ਰੂਰੀ ਹੈ। ਅਜਿਹੇ 'ਚ ਸਮੇਂ 'ਤੇ ਸੌਣਾ ਤੇ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਮਾਹਿਰਾਂ ਨੇ ਮਾਨਸਿਕ ਸਿਹਤ ਨੂੰ ਵੀ ਬਣਾਈ ਰੱਖਣ 'ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ, ਡਾਕਟਰਾਂ ਦਾ ਕਹਿਣਾ ਹੈ ਕਿ ਕਈਆਂ ਨੂੰ ਜੈਨੇਟਿਕ ਕਾਰਨਾਂ ਕਰਕੇ ਵੀ ਦਿਲ ਦੀ ਬਿਮਾਰੀ ਹੋ ਸਕਦੀ ਹੈ। ਜੇਕਰ ਪਹਿਲਾਂ ਕੋਈ ਮਾਮੂਲੀ ਦਿਲ ਦਾ ਦੌਰਾ ਪਿਆ ਹੈ, ਤਾਂ ਦੁਬਾਰਾ ਹੋਣ ਦਾ ਖਤਰਾ ਹੈ। ਬਹੁਤ ਸਾਰੇ ਲੋਕਾਂ ਵਿੱਚ ਦਿਲ ਦੇ ਦੌਰੇ ਦੇ ਕੋਈ ਲੱਛਣ ਨਹੀਂ ਦਿਖਾਈ ਦਿੰਦੇ ਹਨ। ਇਸ ਨੂੰ ਸਾਈਲੈਂਟ ਹਾਰਟ ਅਟੈਕ ਕਿਹਾ ਜਾਂਦਾ ਹੈ।


ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ 
1. ਭੋਜਨ ਵਿੱਚ ਚਰਬੀ ਦੀ ਮਾਤਰਾ ਘੱਟ ਰੱਖੋ।
2. ਤਲੇ, ਭੁੰਨ੍ਹੇ ਤੇ ਸਟ੍ਰੀਟ ਫੂਡ ਤੋਂ ਪ੍ਰਹੇਜ਼ ਕਰੋ।
3. ਹਰ ਤਿੰਨ ਮਹੀਨੇ ਬਾਅਦ ਆਪਣੇ ਦਿਲ ਦੀ ਜਾਂਚ ਕਰਵਾਓ।
4. ਸਿਗਰਟ ਨਾ ਪੀਓ ਕਿਉਂਕਿ ਸਿਗਰਟ ਪੀਣੀ ਸਿਹਤ ਲਈ ਬਹੁਤ ਮਾੜੀ ਹੁੰਦੀ ਹੈ।