How to check urea in milk: ਦੁੱਧ ਇੱਕ ਅਜਿਹੀ ਚੀਜ਼ ਹੈ ਜੋ ਹਰ ਘਰ ਵਿੱਚ ਰੋਜ਼ਾਨਾ ਵਰਤੀ ਜਾਂਦੀ ਹੈ। ਇਸ ਲਈ ਅਸੀਂ ਦੁੱਧ ਵਰਗੀਆਂ ਜ਼ਰੂਰੀ ਚੀਜ਼ਾਂ ਨੂੰ ਸ਼ੁੱਧ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਵੀ ਸੱਚ ਹੈ ਕਿ ਅੱਜਕੱਲ੍ਹ ਜ਼ਿਆਦਾਤਰ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਹੋਣ ਲੱਗੀ ਹੈ। ਫਲਾਂ ਤੇ ਸਬਜ਼ੀਆਂ ਨੂੰ ਰਸਾਇਣਾਂ ਨਾਲ ਪਕਾਇਆ ਜਾਂਦਾ ਹੈ। ਇਸੇ ਤਰ੍ਹਾਂ ਦੁੱਧ ਵਿੱਚ ਵੀ ਮਿਲਾਵਟ ਹੁੰਦੀ ਹੈ। ਬਹੁਤ ਸਾਰੇ ਵਪਾਰੀ ਵਧੇਰੇ ਮੁਨਾਫਾ ਕਮਾਉਣ ਲਈ ਦੁੱਧ ਵਿੱਚ ਯੂਰੀਆ ਮਿਲਾ ਦਿੰਦੇ ਹਨ। 


ਦਰਅਸਲ ਘੱਟ ਦੁੱਧ ਵਿੱਚ ਯੂਰੀਆ, ਡਿਟਰਜੈਂਟ, ਖੰਡ, ਨਮਕ, ਫੋਰਮਾਲਿਨ ਵਰਗੀਆਂ ਕੈਮੀਕਲ ਚੀਜ਼ਾਂ ਮਿਲਾ ਕੇ ਦੁੱਧ ਦੀ ਮਾਤਰਾ ਵਧਾਈ ਜਾਂਦੀ ਹੈ। ਆਮ ਲੋਕਾਂ ਨੂੰ ਇਸ ਮਿਲਾਵਟ ਬਾਰੇ ਆਸਾਨੀ ਨਾਲ ਪਤਾ ਨਹੀਂ ਲੱਗਦਾ। ਜਦੋਂ ਅਸੀਂ ਮਿਲਾਵਟੀ ਦੁੱਧ ਪੀਂਦੇ ਹਾਂ ਤਾਂ ਇਹ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੁੰਦਾ ਹੈ। ਹਾਲਾਂਕਿ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਇੱਕ ਅਜਿਹਾ ਤਰੀਕਾ ਸੁਝਾਇਆ ਹੈ ਜਿਸ ਦੁਆਰਾ ਤੁਸੀਂ ਘਰ ਬੈਠੇ ਹੀ ਦੁੱਧ ਵਿੱਚ ਯੂਰੀਆ ਦੀ ਜਾਂਚ ਆਸਾਨੀ ਨਾਲ ਕਰ ਸਕਦੇ ਹੋ।


ਦੁੱਧ ਵਿੱਚ ਯੂਰੀਆ ਕਿਉਂ ਮਿਲਾਇਆ ਜਾਂਦਾ?
ਯੂਰੀਆ ਇੱਕ ਜੈਵਿਕ ਮਿਸ਼ਰਣ ਹੈ। ਇਸ ਦਾ ਰੰਗ ਚਿੱਟਾ ਹੁੰਦਾ ਹੈ ਤੇ ਇਸ ਦੀ ਵਰਤੋਂ ਫਸਲਾਂ ਦਾ ਉਤਪਾਦਨ ਵਧਾਉਣ ਲਈ ਕੀਤੀ ਜਾਂਦੀ ਹੈ। ਇਹ ਇੱਕ ਗੰਧ ਰਹਿਤ, ਜ਼ਹਿਰੀਲਾ ਤੇ ਸਵਾਦ ਰਹਿਤ ਰਸਾਇਣ ਹੈ। ਇਸ ਨੂੰ ਮਿਲਾਉਣ ਨਾਲ ਦੁੱਧ ਦਾ ਰੰਗ ਨਹੀਂ ਬਦਲਦਾ। ਇਸ ਦੇ ਨਾਲ ਹੀ ਇਸ ਨੂੰ ਮਿਕਸ ਕਰਨ ਨਾਲ ਦੁੱਧ ਗਾੜ੍ਹਾ ਹੋ ਜਾਂਦਾ ਹੈ।



ਯੂਰੀਆ ਵਾਲਾ ਦੁੱਧ ਪੀਣ ਨਾਲ ਹੋ ਸਕਦੀਆਂ ਖਤਰਨਾਕ ਬਿਮਾਰੀਆਂ
ਕੁਝ ਲੋਕ ਫੈਟ ਦੀ ਮਾਤਰਾ ਵਧਾਉਣ ਲਈ ਦੁੱਧ ਵਿੱਚ ਯੂਰੀਆ ਮਿਲਾ ਦਿੰਦੇ ਹਨ ਪਰ ਇਹ ਕੈਮੀਕਲ ਇੰਨਾ ਖਤਰਨਾਕ ਹੈ ਕਿ ਇਹ ਤੁਹਾਡੀਆਂ ਅੰਤੜੀਆਂ ਨੂੰ ਖਰਾਬ ਕਰ ਸਕਦਾ ਹੈ ਤੇ ਪਾਚਨ ਤੰਤਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ, ਮਿਲਾਵਟੀ ਦੁੱਧ ਪੀਣ ਨਾਲ ਗੁਰਦੇ ਦੀਆਂ ਬਿਮਾਰੀਆਂ, ਦਿਲ ਨਾਲ ਸਬੰਧਤ ਬਿਮਾਰੀਆਂ, ਅੰਗਾਂ ਨੂੰ ਨੁਕਸਾਨ, ਨਜ਼ਰ ਘਟਾਉਣਾ, ਕੈਂਸਰ ਤੇ ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ।


FSSAI ਨੇ ਪਛਾਣ ਦਾ ਤਰੀਕਾ ਦੱਸਿਆ
FSSAI ਨੇ ਹਾਲ ਹੀ ਵਿੱਚ ਇੱਕ ਛੋਟਾ ਜਿਹਾ ਟੈਸਟ ਦੱਸਿਆ ਸੀ, ਜਿਸ ਦੁਆਰਾ ਤੁਸੀਂ ਇਹ ਪਤਾ ਲਾ ਸਕਦੇ ਹੋ ਕਿ ਤੁਹਾਡੇ ਦੁੱਧ ਵਿੱਚ ਯੂਰੀਆ ਦੀ ਮਿਲਾਵਟ ਹੈ ਜਾਂ ਨਹੀਂ। ਇੱਕ ਟੈਸਟ ਟਿਊਬ ਵਿੱਚ 5 ਮਿਲੀਲੀਟਰ ਦੁੱਧ ਲੈ ਲਵੋ। ਇਸ ਤੋਂ ਬਾਅਦ ਇਸ ਵਿੱਚ 2 ਮਿਲੀਲੀਟਰ ਆਇਓਡੀਨ ਮਿਲਾਓ। ਫਿਰ ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਜੇਕਰ ਇਸ ਦਾ ਰੰਗ ਕੁਝ ਦੇਰ ਵਿੱਚ ਨਹੀਂ ਬਦਲਦਾ ਤੇ ਇਹ ਪੀਲਾ ਭੂਰਾ ਰਹਿੰਦਾ ਹੈ ਤਾਂ ਦੁੱਧ ਠੀਕ ਹੈ ਪਰ ਜੇਕਰ ਇਸ ਦਾ ਰੰਗ ਚਾਕਲੇਟ ਲਾਲ ਭੂਰਾ ਹੋ ਜਾਵੇ ਤਾਂ ਸਮਝ ਲਓ ਕਿ ਤੁਹਾਡੇ ਦੁੱਧ 'ਚ ਯੂਰੀਆ ਮਿਲਾਇਆ ਗਿਆ ਹੈ।



ਯੂਰੀਆ ਦੁੱਧ ਦੀ ਸ਼ਕਤੀ ਨੂੰ ਦੂਰ ਕਰਦਾ
ਦੁੱਧ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਡੀ, ਵਿਟਾਮਿਨ ਏ ਦਾ ਚੰਗਾ ਸਰੋਤ ਹੈ। ਰੋਜ਼ਾਨਾ ਦੁੱਧ ਪੀਣ ਨਾਲ ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ ਤੇ ਟਾਈਪ 2 ਡਾਇਬਟੀਜ਼ ਹੋਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ। ਇਹ ਹੱਡੀਆਂ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ ਪਰ ਦੁੱਧ ਵਿੱਚ ਯੂਰੀਆ ਵਰਗੇ ਰਸਾਇਣ ਮਿਲਾਉਣ ਨਾਲ ਇਸ ਦੀ ਸ਼ਕਤੀ ਨਸ਼ਟ ਹੋ ਜਾਂਦੀ ਹੈ।