ਨਵੀਂ ਦਿੱਲੀ: ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੇ ਪੜ੍ਹਾਈ ਵਿੱਚ ਕਮਜ਼ੋਰ ਹੋਣ 'ਤੇ ਪ੍ਰੇਸ਼ਾਨ ਹੋ ਤਾਂ, ਇਹ ਖ਼ਬਰ ਤੁਹਾਡੇ ਲਈ ਹੈ। ਬੱਚਿਆਂ ਦੇ ਗ੍ਰੇਡਜ਼ ਸੁਧਾਰਨ ਲਈ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ਤੋਂ ਟਿਊਸ਼ਨ ਦਿਵਾਉਣ ਦੀ ਥਾਂ ਉਨ੍ਹਾਂ ਨੂੰ ਸੰਗੀਤ ਸਿੱਖਣ ਲਈ ਭੇਜੋ। ਨਵੀਂ ਖੋਜ ਮੁਤਾਬਕ ਅਜਿਹਾ ਕਰਨ ਨਾਲ ਉਨ੍ਹਾਂ ਦੀ ਯਾਦਾਸ਼ਤ ਵਧਣ ਦੇ ਨਾਲ ਨਾਲ ਉਹ ਯੋਜਨਾ ਉਲੀਕਣ ਤੇ ਵਧੇਰੇ ਤਰਕ ਦੇਣ ਵਿੱਚ ਮਾਹਰ ਹੋ ਜਾਣਗੇ। ਰਿਸਰਚ ਮੁਤਾਬਕ ਜ਼ਿਆਦਾਤਰ ਲੋਕ ਸੰਗੀਤ ਸਿੱਖਣ ਨੂੰ ਸ਼ੌਕੀਆ ਜਾਂ ਵਿਹਲਾ ਕੰਮ ਮੰਨਦੇ ਹਨ। ਜਦਕਿ ਬੱਚਿਆਂ ਵਿੱਚ ਸੰਗੀਤ ਉਨ੍ਹਾਂ ਅੰਦਰ ਲਰਨਿੰਗ ਸਕਿੱਲ (ਸਿੱਖਣ ਦਾ ਹੁਨਰ) ਨੂੰ ਵਧਾਉਂਦਾ ਹੈ। ਖਾਸ ਤੌਰ 'ਤੇ ਉਦੋਂ ਜਦੋਂ ਇਸ ਨੂੰ ਵਿੱਦਿਅਕ ਰੂਪ ਵਿੱਚ ਸ਼ਾਮਲ ਕੀਤਾ ਜਾਂਦਾ ਹੈ। 'ਫਰੰਟੀਅਰ ਆਫ਼ ਨਿਊਰੋਸਾਇੰਸ' ਵਿੱਚ ਪ੍ਰਕਾਸ਼ਿਤ ਹੋਈ ਇਸ ਖੋਜ ਨੂੰ ਕਰਨ ਲਈ ਖੋਜਕਰਤਾਵਾਂ ਨੇ ਡਚ ਸਕੂਲ ਦੇ 147 ਬੱਚਿਆਂ 'ਤੇ ਅਧਿਐਨ ਕੀਤਾ। ਇਸ ਵਿੱਚ ਪਾਇਆ ਗਿਆ ਕਿ ਜੋ ਬੱਚੇ ਮਿਊਜ਼ਿਕ ਕਲਾਸ ਜਾਂਦੇ ਹਨ, ਉਹ ਦੂਜਿਆਂ ਦੀ ਤੁਲਨਾ ਵਿੱਚ ਵਧੇਰੇ ਤੇਜ਼ ਹਨ ਤੇ ਉਨ੍ਹਾਂ ਦਾ ਪ੍ਰਦਰਸ਼ਨ ਵੀ ਬਿਹਤਰ ਹੈ।