ਬੱਚੇ ਦੇ ਸਕੂਲ ਜਾ ਰਹੀ ਪਤਨੀ ਨੂੰ ਪਤੀ ਨੇ ਵੱਢਿਆ
ਏਬੀਪੀ ਸਾਂਝਾ | 31 Mar 2018 01:00 PM (IST)
ਜਲੰਧਰ: ਆਦਮਪੁਰ ਦੇ ਪਿੰਡ ਦੂਹੜੇ ਵਿੱਚ ਆਪਣੇ ਬੱਚੇ ਦਾ ਰਿਜ਼ਲਟ ਵੇਖਣ ਸਕੂਲ ਜਾ ਰਹੀ 43 ਸਾਲ ਦੀ ਸ਼ਰੀਫਾ ਦਾ ਉਸ ਦੇ ਪਤੀ ਨੇ ਕਤਲ ਕਰ ਦਿੱਤਾ। ਵਾਰਦਾਤ ਦੂਹੜੇ ਪਿੰਡ ਦੇ ਨਜ਼ਦੀਕ ਸੀਨੀਅਰ ਸੈਕੰਡਰੀ ਸਕੂਲ ਦੀ ਹੈ। ਆਦਮਪੁਰ ਦੇ ਡੀ.ਐਸ.ਪੀ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ, ਸ਼ਰੀਫਾ ਦਾ ਪਤੀ ਹੈ। ਉਸ ਨੇ ਹੀ ਸਵੇਰੇ ਕਰੀਬ 10 ਵਜੇ ਸ਼ਰੀਫਾ ਨੂੰ ਸੀਨੀਅਰ ਸੈਕੰਡਰੀ ਸਕੂਲ ਕੋਲ ਚਾਕੂ ਮਾਰੇ ਅਤੇ ਭੱਜ ਗਿਆ। ਪਤੀ ਨਾਲ ਝਗੜੇ ਤੋਂ ਬਾਅਦ ਸ਼ਰੀਫਾ ਕਿਸੇ ਹੋਰ ਨਾਲ ਦੂਹੜੇ ਪਿੰਡ ਦੇ ਬਾਹਰ ਕਿਰਾਏ 'ਤੇ ਰਹਿੰਦੀ ਸੀ। ਦੂਹੜੇ ਪਿੰਡ ਦੇ ਰਹਿਣ ਵਾਲੇ ਜਸਵਿੰਦਰ ਦੂਹੜਾ ਨੇ ਦੱਸਿਆ ਕਿ ਜਦੋਂ ਉਹ ਕੰਮ 'ਤੇ ਜਾ ਰਹੇ ਸਨ ਤਾਂ ਔਰਤ ਉੱਥੇ ਤੜਫ ਰਹੀ ਸੀ। ਆਦਮਪੁਰ ਥਾਣੇ ਵਿੱਚ ਫੋਨ ਕੀਤਾ ਤਾਂ ਕਿਸੇ ਨੇ ਚੁੱਕਿਆ ਨਹੀਂ। ਇਸ ਤੋਂ ਬਾਅਦ ਐਂਬੂਲੈਂਸ ਨੂੰ ਫੋਨ ਕਰ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਆਦਮਪੁਰ ਸਿਵਿਲ ਹਸਪਤਾਲ ਵਿੱਚ ਸ਼ਰੀਫਾ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਲਿਆਂਦਾ ਜਾ ਰਿਹਾ ਹੈ।