ਚੰਡੀਗੜ੍ਹ: ਖਰੜ ਦੇ ਸੰਨੀ ਐਨਕਲੇਵ ਸਥਿਤ ਵੈਸਟਰਨ ਯੂਨੀਅਨ ਦੀ ਬ੍ਰਾਂਚ ਵਿੱਚੋਂ ਪਿਸਤੌਲ ਦੀ ਨੋਕ 'ਤੇ 10 ਹਜ਼ਾਰ ਡਾਲਤ ਤੇ 4 ਲੱਖ 72 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਲੁੱਟ ਲਈ।
ਏ.ਜੀ. ਪ੍ਰਾਪਰਟੀ ਤੇ ਵੈਸਟਰਨ ਯੂਨੀਅਨ ਦੀ ਏਜੰਸੀ ਦੇ ਮਾਲਕ ਅਮਿਤ ਸੈਣੀ ਦੁਪਹਿਰ ਸਮੇਂ ਆਪਣੇ ਭਰਾ ਸੁਮਿਤ ਨੂੰ ਦੁਕਾਨ ’ਤੇ ਬਿਠਾ ਕੇ ਘਰ ਗਿਆ ਸੀ ਤਾਂ ਪੌਣੇ 4 ਕੁ ਵਜੇ ਇੱਕ ਨੌਜਵਾਨ ਆਇਆ ਤੇ ਡਾਲਰ ਦੇ ਰੇਟ ਬਾਰੇ ਜਾਣਕਾਰੀ ਪ੍ਰਾਪਤ ਕਰਨ ਲੱਗਾ। ਸੁਮਿਤ ਮੁਤਬਾਕ ਇਸੇ ਦੌਰਾਨ ਦੁਕਾਨ ਵਿੱਚ ਉਸ ਦੇ ਤਿੰਨ ਹੋਰ ਸਾਥੀ ਆ ਗਏ। ਉਨ੍ਹਾਂ ਨੇ ਪਿਸਤੌਲ ਦਿਖਾ ਕੇ ਸੁਮਿਤ ਨੂੰ ਇੱਕ ਪਾਸੇ ਕੀਤਾ ਅਤੇ 4 ਲੱਖ 72 ਹਜ਼ਾਰ ਰੁਪਏ ਦੀ ਨਕਦੀ ਤੇ 10 ਹਜ਼ਾਰ ਡਾਲਰ ਲੁੱਟ ਲਏ।
ਲੁਟੇਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਬਕਸਾ ਵੀ ਪੁੱਟ ਕੇ ਨਾਲ ਹੀ ਲੈ ਗਏ ਤੇ ਸੁਮਿਤ ਦਾ ਮੋਬਾਈਲ ਖੋਹ ਲਿਆ। ਵਾਰਦਾਤ ਤੋਂ ਬਾਅਦ ਮੁਲਜ਼ਮ ਦੁਕਾਨ ਦਾ ਸ਼ਟਰ ਬੰਦ ਕਰ ਗਏ ਤੇ ਸੁਮਿਤ ਨੂੰ ਅੰਦਰ ਹੀ ਤਾੜ ਦਿੱਤਾ।
ਜਦ ਉਸ ਦਾ ਭਰਾ ਵਾਪਸ ਆਇਆ ਤਾਂ ਪੁਲੀਸ ਨੂੰ ਸੂਚਨਾ ਦਿੱਤੀ ਗਈ। ਖਰੜ ਸਿਟੀ ਥਾਣੇ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਤੇ ਪੁਲੀਸ ਚੌਕੀ ਸੰਨੀ ਐਨਕਲੇਵ ਦੇ ਇੰਚਾਰਜ ਅਵਤਾਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਨਾਲ ਹੋਰਨਾਂ ਸਬੂਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।