ਥਰਮਲ ਕਾਮਿਆਂ ਦੇ ਸੰਘਰਸ਼ ਮੂਹਰੇ ਝੁਕੀ ਸਰਕਾਰ
ਏਬੀਪੀ ਸਾਂਝਾ | 31 Mar 2018 10:22 AM (IST)
ਬਠਿੰਡਾ: ਸ਼ਹਿਰ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬੰਦ ਕਰ ਕੇ ਕਰਮਚਾਰੀਆਂ ਦੇ ਜ਼ਬਰਦਸਤ ਵਿਰੋਧ ਨੂੰ ਮੁੱਲ ਲੈਣ ਤੋਂ ਬਾਅਦ ਹੁਣ ਸਰਕਾਰ ਤੇ ਕਰਮਚਾਰੀ, ਦੋਹਾਂ ਧਿਰਾਂ ਨੂੰ ਕੁਝ ਰਾਹਤ ਮਿਲੇਗੀ। ਥਰਮਲ ਦੇ 635 ਕੱਚੇ ਭਾਵ ਕੰਟ੍ਰੈਕਟ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਪਾਵਰਕੌਮ ਦੇ ਅਧਿਕਾਰੀਆਂ ਨਾਲ ਲਿਖਤੀ ਰੂਪ ਵਿੱਚ ਸਮਝੌਤਾ ਹੋ ਗਿਆ ਹੈ, ਜਿਸ ਤਹਿਤ ਉਹ ਪੈਸਕੋ ਕੰਪਨੀ ਅਧੀਨ ਹੁਣ ਪਾਵਰਕੌਮ ਦੇ ਅੰਦਰ ਹੀ ਕੰਮ ਕਰਨਗੇ। ਬੀਤੇ ਕੱਲ੍ਹ ਹੋਏ ਇਸ ਇਕਰਾਰਨਾਮੇ ਤੋਂ ਬਾਅਦ ਅੱਜ ਪਾਵਰਕੌਮ ਅਧਿਕਾਰੀ ਖ਼ੁਦ ਆ ਕੇ ਧਰਨਾ ਖ਼ਤਮ ਕਰਵਾਉਣਗੇ। ਥਰਮਲ ਦੇ ਇਹ ਕਾਮੇ ਇੱਕ ਜਨਵਰੀ ਤੋਂ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਲਗਾਤਾਰ ਦਿਨ-ਰਾਤ ਧਰਨੇ 'ਤੇ ਬੈਠੇ ਹਨ। ਸਮਝੌਤੇ ਮੁਤਾਬਿਕ 31 ਦਸੰਬਰ 2017 ਨੂੰ ਬਠਿੰਡਾ ਥਰਮਲ ਵਿੱਚ ਕਰੀਬ ਵੀਹ-ਬਾਈ ਠੇਕੇਦਾਰਾਂ ਅਧੀਨ ਕੰਮ ਕਰ ਰਹੇ 635 ਕਾਮਿਆਂ ਨੂੰ ਪੈਸਕੋ ਰਾਹੀਂ ਪਾਵਰਕੌਮ ਦੇ ਥਰਮਲ ਪਲਾਂਟਾਂ, ਮੁੱਖ ਇੰਜੀਨੀਅਰ, ਪੱਛਮ ਜ਼ੋਨ, ਬਠਿੰਡਾ ਵਿੱਚ ਉਸੇ ਹੀ ਸਮਰੱਥਾ ਵਿੱਚ ਕੰਮ ’ਤੇ ਰੱਖਿਆ ਜਾਵੇਗਾ, ਜਿਸ ਸਮਰੱਥਾ ਵਿੱਚ ਕਾਮਿਆਂ ਨੂੰ ਤਨਖ਼ਾਹ ਅਤੇ ਭੱਤੇ ਮਿਲ ਰਹੇ ਸਨ, ਉਹ ਉਸੇ ਤਰ੍ਹਾਂ ਹੀ ਪੈਸਕੋ ਰਾਹੀਂ ਮਿਲਣਯੋਗ ਹੋਣਗੇ। ਪਾਵਰਕੌਮ ਦੇ ਮੁੱਖ ਦਫ਼ਤਰ ਵਿੱਚ ਹੋਏ ਸਮਝੌਤੇ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਤੋਂ ਸਰਪਲੱਸ ਹੋਏ ਇਹ ਕਰਮਚਾਰੀ ਬਿਜਲੀ ਕਾਰਪੋਰੇਸ਼ਨ ਵਿੱਚ ਸਮਾਉਣ ਜਾਂ ਪੱਕੇ ਹੋਣ ਦੇ ਦਾਅਵੇਦਾਰ ਨਹੀਂ ਹੋਣਗੇ। ਇਨ੍ਹਾਂ ਕਰਮਚਾਰੀਆਂ ਨੂੰ ਪੈਸਕੋ ਰਾਹੀਂ ਨਿਯੁਕਤੀ ਪੱਤਰ 22 ਅਪਰੈਲ 2018 ਤੋਂ ਪਹਿਲਾਂ ਜਾਰੀ ਕਰ ਦਿੱਤੇ ਜਾਣਗੇ।