ਤੁਸੀਂ ਅਮੀਰ ਕਿਵੇਂ ਹੋ ਸਕਦੇ ਹੋ ਇਸ ਬਾਰੇ ਤੁਸੀਂ ਹੋ ਸਕਦਾ ਹੈ ਕਿਸੇ ਜੋਤਸ਼ੀ ਦੀ ਰਾਏ ਲੈਂਦੇ ਹੋਵੋ ਜਾਂ ਆਪਣਾ ਰਾਸ਼ੀਫਲ ਯੂ-ਟਿਊਬ ਉੱਤੇ ਵੇਖਦੇ ਹੋਵੋ ਪਰ ਅੱਜ ਤੁਸੀਂ ਇਹ ਵੀ ਜਾਣ ਲਵੋ ਕਿ ਵਿਗਿਆਨ ਇਸ ਮਾਮਲੇ ’ਚ ਕੀ ਆਖਦਾ ਹੈ। ਵਿਗਿਆਨ ਤੇ ਸੂਝਵਾਨ ਵਿਗਿਆਨੀਆਂ ਦਾ ਇਹ ਮੰਨਣਾ ਹੈ ਕਿ ਜਿਸ ਵਿਅਕਤੀ ਦੀ ਸ਼ਖ਼ਸੀਅਤ ਵਿੱਚ ਇਹ ਖ਼ਾਸ ਪੰਜ ਗੁਣ ਹੋਣਗੇ, ਉਹ ਛੇਤੀ ਅਮੀਰ ਬਣੇਗਾ। ਇਹ ਵਿਗਿਆਨਕ ਗੁਣ ਹਨ-

·        ਬਾਹਰਮੁਖੀ (Extrovert) ਹੋਣਾ
·        ਵੱਡੇ ਫ਼ੈਸਲੇ ਲੈਂਦੇ ਸਮੇਂ ਸਥਿਰਤਾ ਵਿਖਾਉਣਾ
·        ਲਚਕਦਾਰ ਹੋਣਾ
·        ਆਜ਼ਾਦਾਨਾ ਢੰਗ ਨਾਲ ਫ਼ੈਸਲੇ ਲੈਣਾ
·        ਹੋਰਨਾਂ ਨਾਲੋਂ ਖ਼ੁਦ ਉੱਤੇ ਵਧੇਰੇ ਕੇਂਦ੍ਰਿਤ ਰਹਿਣਾ ਪਰ ਉਹ ਵੀ ਸਕਾਰਾਤਮਕ ਤਰੀਕੇ ਨਾਲ

 
‘ਬ੍ਰਿਟਿਸ਼ ਜਰਨਲ ਆਫ਼ ਸਾਇਕੌਲੋਜੀ’ ’ਚ ਸਾਲ 2018 ਦੌਰਾਨ ਇਹ ਦੱਸਿਆ ਗਿਆ ਸੀ ਕਿ ਕਿਸੇ ਵਿਅਕਤੀ ਨੂੰ ਛੇਤੀ ਅਮੀਰ ਬਣਾਉਣ ਵਾਲੇ ਕਿਹੜੇ ਗੁਣ ਹੁੰਦੇ ਹਨ।

 
1.    ਅਮੀਰ ਵਿਅਕਤੀ ਹੁੰਦੇ ਹਨ ਬਾਹਰਮੁਖੀ: ਇਹ ਇੱਕ ਸੱਚਾਈ ਹੈ ਕਿ ਕੋਈ ਵੀ ਵਿਅਕਤੀ ਕਦੇ ਇਕੱਲਾ ਆਪਣੀਆਂ ਖ਼ੁਦ ਦੀਆਂ ਕੋਸ਼ਿਸ਼ਾਂ ਨਾਲ ਹੀ ਅਮੀਰ ਨਹੀਂ ਬਣ ਜਾਂਦਾ। ਇਸ ਲਈ ਉਸ ਦਾ ਬਾਹਰਮੁਖੀ (Extrovert) ਹੋਣਾ ਬਹੁਤ ਜ਼ਰੂਰੀ ਹੈ ਤੇ ਉਸ ਦਾ ਸਾਥ ਦੇਣ ਵਾਲੇ ਕੁਝ ਵਿਅਕਤੀ ਜ਼ਰੂਰ ਹੁੰਦੇ ਹਨ, ਜੋ ਉਸ ਨੂੰ ਉਤਾਂਹ ਚੁੱਕਦੇ ਹਨ ਪਰ ਅਜਿਹਾ ਵੀ ਨਹੀਂ ਹੈ ਕਿ Introvert ਭਾਵ ਅੰਤਰਮੁਖੀ ਲੋਕ ਕਦੇ ਅਮੀਰ ਨਹੀਂ ਬਣ ਸਕਦੇ।

2.   ਅਮੀਰ ਵਿਅਕਤੀ ਸਮਾਰਟ ਫ਼ੈਸਲੇ ਲੈਂਦੇ ਹਨ: ਅਮੀਰ ਬਣਨ ਲਈ ਕੁਝ ਚੁਸਤ ਕਿਸਮ ਦੇ ਭਾਵ ਸਮਾਰਟ ਫ਼ੈਸਲੇ ਲੈਣ ਦੀ ਜ਼ਰੂਰਤ ਹੈ। ਉਹ ਛੇਤੀ ਕਿਤੇ ਸੰਤੁਸ਼ਟ ਨਹੀਂ ਹੁੰਦੇ ਤੇ ਉਨ੍ਹਾਂ ਦੇ ਫ਼ੈਸਲੇ ਦੂਰ-ਦ੍ਰਿਸ਼ਟੀ ਨਾਲ ਵੀ ਭਰਪੂਰ ਹੁੰਦੇ ਹਨ। ਇਹ ਵੀ ਵੇਖਿਆ ਗਿਆ ਹੈ ਕਿ ਜਿਸ ਵਿਅਕਤੀ ਦਾ ਜੀਵਨ ਸਾਥੀ ਉਸ ਦੇ ਕੰਮਾਂ ’ਚ ਜ਼ਿਆਦਾ ਸਕਾਰਾਤਮਕ ਸਾਥ ਦਿੰਦਾ ਹੈ, ਉਹ ਛੇਤੀ ਕਾਮਯਾਬ ਹੁੰਦਾ ਹੈ।

3.   ਅਮੀਰ ਲੋਕ ਭਾਵਨਾਤਮਕ ਤੌਰ ਉੱਤੇ ਸਥਿਰ ਹੁੰਦੇ ਹਨ: ਜੇ ਤੁਸੀਂ ਲੰਮੇ ਸਮੇਂ ਤੱਕ ਸਫ਼ਲ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਭਾਵਨਾਤਮਕ (ਜਜ਼ਬਾਤੀ) ਹੋ ਕੇ ਕਦੇ ਫ਼ੈਸਲਾ ਨਹੀਂ ਲੈਣਾ ਹੋਵੇਗਾ। ਅਜਿਹੇ ਫ਼ੈਸਲੇ ਆਮ ਤੌਰ ’ਤੇ ਗ਼ਲਤ ਹੁੰਦੇ ਹਨ।

4.   ਅਮੀਰ ਲੋਕ ਨਕਰਾਤਮਕ ਨਹੀਂ ਹੁੰਦੇ: ਅਮੀਰ ਲੋਕ ਆਮ ਤੌਰ ’ਤੇ ਨਕਾਰਾਤਮਕ ਭਾਵ ਨੈਗੇਟਿਵ ਨਹੀਂ ਹੁੰਦੇ। ਜਦੋਂ ਤੁਸੀਂ ਕਿਸੇ ਨੂੰ ਤੁਰੰਤ ਨੈਗੇਟਿਵ ਤਰੀਕੇ ਨਾਲ ਜਵਾਬ ਦਿੰਦੇ ਹੋ ਜਾਂ ਤੁਸੀਂ ਚਿੰਤਤ ਵਿਖਾਈ ਦਿੰਦੇ ਹੋ ਜਾਂ ਤੁਸੀਂ ਮੂਡੀ ਦਿਸਦੇ ਹੋ ਜਾਂ ਚਿੰਤਾ ਜਾਂ ਕੋਈ ਡਰ ਪ੍ਰਗਟਾਉਂਦੇ ਹੋ, ਤਾਂ ਸਾਹਮਣੇ ਵਾਲਾ ਤੁਹਾਡੇ ਤੋਂ ਨਾਂਹ ਪੱਖੀ (ਨੈਗੇਟਿਵ) ਅਹਿਸਾਸ ਲੈਂਦਾ ਹੈ ਤੇ ਅਜਿਹੇ ਲੋਕਾਂ ਦਾ ਸਫ਼ਲ ਹੋਣਾ ਕਾਫ਼ੀ ਔਖਾ ਹੁੰਦਾ ਹੈ।

5.   ਅਮੀਰ ਲੋਕ ਸਵੈ–ਕੇਂਦ੍ਰਿਤ ਹੁੰਦੇ ਹਨ: ਆਮ ਤੌਰ ਉੱਤੇ ਆਤਮ-ਕੇਂਦ੍ਰਿਤ ਰਹਿਣ ਨੂੰ ਕੋਈ ਬਹੁਤਾ ਠੀਕ ਨਹੀਂ ਮੰਨਿਆ ਜਾਂਦਾ ਪਰ ਸਫ਼ਲਤਾ ਲਈ ਤੁਹਾਨੂੰ ਹੋਰਨਾਂ ਦਾ ਖ਼ਿਆਲ ਘੱਟ ਆਪਣਾ ਵੱਧ ਰੱਖਣਾ ਪੈਣਾ ਹੈ। ਜੇ ਤੁਹਾਡੇ ਮਨ ਵਿੱਚ ਕੁਝ ਨਵਾਂ ਤੇ ਵੱਡਾ ਕਰਨ ਦੀ ਇੱਛਾ, ਤਾਂ ਤੁਸੀਂ ਉਹ ਸ਼ੁਰੂ ਕਰ ਸਕਦੇ ਹੋ ਪਰ ਸਫ਼ਲਤਾ ਲਈ ਤੁਹਾਨੂੰ ਕੁਝ ਹੋਰਨਾਂ ਲੋਕਾਂ ਦੀ ਮਦਦ ਚਾਹੀਦੀ ਹੋਵੇਗੀ।

ਇਸ ਲਈ ਤੁਸੀਂ ਜੋਤਸ਼ੀਆਂ ਦਾ ਖਹਿੜਾ ਛੱਡ ਕੇ ਆਪਣੀ ਸ਼ਖ਼ਸੀਅਤ ਵੱਲ ਧਿਆਨ ਦੇਵੋ, ਤਾਂ ਤੁਸੀਂ ਜ਼ਰੂਰ ਸਫ਼ਲ ਤੇ ਅਮੀਰ ਹੋਵੋਗੇ। ਥੋੜ੍ਹ ਚਿਰੀਆਂ ਨਾਕਾਮੀਆਂ ਤੋਂ ਕਦੇ ਨਿਰਾਸ਼ ਨਾ ਹੋਵੋ। ਜੇ ਤੁਸੀਂ ਅੰਤਰਮੁਖੀ (Introvert) ਵੀ ਹੋ, ਤਦ ਵੀ ਆਪਣੇ ਵਿਵਹਾਰ ਵਿੱਚ ਬਾਹਰਮੁਖਤਾ ਲੈ ਕੇ ਆਵੋ ਭਾਵ ਬਾਹਰਮੁਖੀ (Extrovert) ਵਿਵਹਾਰ ਬਣਾਓ।

 
ਮੰਨ ਲਵੋ ਤੁਸੀਂ ਕਿਸੇ ਮੀਟਿੰਗ ਵਿੱਚ ਇਹ ਸੋਚ ਕੇ ਨਹੀਂ ਜਾਣਾ ਚਾਹ ਰਹੇ ਕਿ ਐਂਵੇਂ ਉੱਥੇ ਜਾ ਕੇ ਇੱਕ-ਦੋ ਘੰਟੇ ਬਰਬਾਦ ਹੋਣਗੇ; ਤਾਂ ਇੰਝ ਨਾ ਸੋਚੋ। ਹੋ ਸਕਦਾ ਹੈ ਕਿ ਉਸ ਮੀਟਿੰਗ ਵਿੱਚ ਤੁਹਾਨੂੰ ਕੋਈ ਅਜਿਹਾ ਵਿਅਕਤੀ ਮਿਲ ਜਾਵੇ, ਜੋ ਤੁਹਾਡੇ ਨਾਲ ਦੂਰ ਤੱਕ ਚੱਲ ਸਕੇ ਤੇ ਤੁਹਾਡਾ ਹਮ-ਖ਼ਿਆਲ ਹੋਵੇ ਤੇ ਤੁਹਾਡਾ ਭਾਈਵਾਲ ਬਣ ਸਕੇ ਤੇ ਤੁਸੀਂ ਦੋਵੇਂ ਕੋਈ ਨਵਾਂ ਕੰਮ ਸ਼ੁਰੂ ਸਕੋ।