ਕੱਲੀ ਕੁੜੀ ਕਿੱਥੇ ਜਾ ਸਕਦੀ ਹੈ ਘੁੰਮਣ, ਆਓ ਦੱਸੀਏ..
ਭੂਟਾਨ: ਇੱਥੋਂ ਦਾ ਸਮਾਜ ਔਰਤਾਂ ਨੂੰ ਵੀ ਬਰਾਬਰ ਹੀ ਸਮਝਦਾ ਹੈ ਤੇ ਭੂਟਾਨ ਮਹਿਲਾ ਯਾਤਰੀਆਂ ਲਈ ਕਾਫੀ ਸੁਰੱਖਿਅਤ ਥਾਂ ਹੈ। ਭੂਟਾਨ ਵਿੱਚ ਸਥਾਨਕ ਲੋਕ ਬਹੁਤ ਹੀ ਸਹਾਇਕ ਤੇ ਔਰਤਾਂ ਦੀ ਮਦਦ ਲਈ ਹਰਦਮ ਤਿਆਰ ਰਹਿੰਦੇ ਹਨ। ਭੂਟਾਨ ਪਹੁੰਚਣ ਲਈ ਸਭ ਤੋਂ ਸੁਖਾਲਾ ਤਰੀਕਾ ਹਵਾਈ ਸਫਰ ਹੈ ਹਾਲਾਂਕਿ, ਇੱਥੇ ਪਹੁੰਚਣ ਲਈ ਬੱਸ ਸੇਵਾ ਵੀ ਮੌਜੂਦ ਹੈ।
ਲੱਦਾਖ: ਮਹਿਲਾ ਯਾਤਰੀਆਂ ਲਈ ਇੱਕ ਬਹੁਤ ਹੀ ਮਨਭਾਉਂਦਾ ਥਾਂ ਹੈ ਲੱਦਾਖ। ਇੱਥੋਂ ਦੇ ਸਥਾਨਕ ਲੋਕ ਆਪਣੇ ਆਪ ਵਿੱਚ ਹੀ ਮਗਨ ਹੁੰਦੇ ਹਨ ਤੇ ਘੁੰਮਣ ਆਏ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਨਹੀਂ ਬਣਦੇ। ਅਤਿ ਦੀ ਸਰਦੀ ਵਾਲੇ ਜੰਮੂ-ਕਸ਼ਮੀਰ ਸੂਬੇ ਦਾ ਇਹ ਛੋਟਾ ਸ਼ਹਿਰ ਸ਼ਹਿਰ ਦੋ ਵੱਡੇ ਸ਼ਹਿਰ ਲੇਹ ਤੇ ਕਾਰਗਿਲ ਦੇ ਨੇੜੇ ਹੈ। ਲੇਹ ਤਕ ਆਸਾਨੀ ਨਾਲ ਹਵਾਈ ਤੇ ਬੱਸ ਮਾਰਗ ਦੀ ਪਹੁੰਚ ਹੈ। ਹਾਲਾਂਕਿ, ਇੱਥੇ ਆਪਣੇ ਚਾਰ-ਪਹੀਆ ਤੇ ਦੋ-ਪਹੀਆ ਵਾਹਨ 'ਤੇ ਲੱਦਾਖ ਪਹੁੰਚਣ ਦਾ ਵੱਖਰਾ ਹੀ ਆਨੰਦ ਹੈ।
ਕੁਰਗ: ਦੱਖਣੀ ਭਾਰਤ ਦੇ ਸੂਬੇ ਕਰਨਾਟਕ ਵਿੱਚ ਮਿੰਨੀ ਸਕੌਟਲੈਂਡ ਦੇ ਨਾਂ ਤੋਂ ਮਸ਼ਹੂਰ ਕੁਰਗ ਕੁਦਰਤੀ ਸੁੰਦਰਤਾ ਨਾਲ ਵਰੋਸਾਇਆ ਸਥਾਨ ਹੈ। ਇੱਥੋਂ ਦੇ ਸਥਾਨਕ ਲੋਕ ਦੋਸਤਾਨਾ ਵਿਹਾਰ ਕਰਦੇ ਹਨ ਤੇ ਔਰਤਾਂ ਦੀ ਮਦਦ ਲਈ ਖੁਸ਼ੀ-ਖੁਸ਼ੀ ਅੱਗੇ ਆਉਂਦੇ ਹਨ। ਇੱਥੇ ਰਹਿਣ ਬਾਰੇ ਚਿੰਤਾ ਨਾ ਕਰੋ ਕਿਉਂਕਿ ਕੁਰਗ ਵਿੱਚ ਬਹੁਤ ਹੀ ਆਰਾਮਦਾਇਕ ਤੇ ਸੁਰੱਖਿਅਤ ਘਰ ਮੌਜੂਦ ਹਨ, ਜਿੱਥੇ ਤੁਸੀਂ ਆਰਾਮ ਨਾਲ ਰਹਿ ਸਕਦੀ ਹੋ। ਮੈਸੂਰ ਇੱਥੋਂ ਦਾ ਸਭ ਤੋਂ ਨੇੜਲਾ ਏਅਰਪੋਰਟ ਹੈ ਜੋ 135 ਕਿਲੋਮੀਟਰ ਦੂਰ ਹੈ। ਹਾਲਾਂਕਿ, ਬੱਸ, ਰੇਲ ਤੇ ਆਪਣੇ ਵਾਹਨ ਰਾਹੀਂ ਇੱਥੇ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ।
ਕਸੋਲ: ਭਾਰਤੀ ਤੇ ਵਿਦੇਸ਼ੀ ਲੋਕਾਂ ਦੀ ਇੱਕ ਹਰਮਨਪਿਆਰੀ ਥਾਂ ਹੈ ਕਸੋਲ। ਹਿਮਾਚਲ ਪ੍ਰਦੇਸ਼ ਦੀ ਇਹ ਬਹੁਤ ਹੀ ਖ਼ੂਬਸੂਰਤ ਥਾਂ ਹੈ ਜਿੱਥੇ ਜਾ ਕੇ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ। ਇੱਥੇ ਤੁਸੀਂ ਟ੍ਰੈਕਿੰਗ ਦਾ ਆਨੰਦ ਵੀ ਲੈ ਸਕਦੇ ਹੋ। ਇਹ ਥਾਂ ਔਰਤਾਂ ਦੇ ਛੁੱਟੀਆਂ ਮਨਾਉਣ ਲਈ ਇੱਕ ਸੁਰੱਖਿਅਤ ਥਾਂ ਹੈ। ਹਵਾਈ ਮਾਰਗ ਰਾਹੀਂ ਤੁਸੀਂ ਕੁੱਲੂ ਦੇ ਭੁੰਤਾਰ ਏਅਰਪੋਰਟ ਤਕ ਜਾ ਸਕਦੇ ਹੋ ਜੇ ਕਸੋਲ ਤੋਂ ਤਕਰੀਬਨ 30 ਕਿਲੋਮੀਟਰ ਦੂਰ ਹੈ। ਕਸੋਲ ਜਾਣ ਲਈ ਬੱਸ ਮਿਲ ਸਕਦੀ ਹੈ ਪਰ ਬਹੁਤ ਥੋੜ੍ਹੀਆਂ ਬੱਸਾਂ ਹੀ ਕਸੋਲ ਜਾਂਦੀਆਂ ਹਨ। ਜੇਕਰ ਤੁਸੀਂ ਛੇਤੀ ਪਹੁੰਚਣਾ ਹੈ ਤਾਂ ਟੁੱਟਵੀਆਂ ਬੱਸਾਂ ਰਾਹੀਂ ਜਾਣਾ ਹੋਵੇਗਾ। ਮਨੀਕਰਨ ਸਾਹਿਬ ਵਾਲੀ ਬੱਸ ਸੇਵਾ ਤੁਹਾਡੇ ਲਈ ਲਾਹੇਵੰਦ ਹੋ ਸਕਦੀ ਹੈ।
ਦਾਰਜਲਿੰਗ: ਭਾਰਤ ਵਿੱਚ ਔਰਤਾਂ ਲਈ ਸਭ ਤੋਂ ਚੰਗੇ ਸਥਾਨਾਂ ਵਿੱਚ ਹੈ ਦਾਰਜਲਿੰਗ। ਇੱਥੋਂ ਦੇ ਸਥਾਨਕ ਲੋਕ ਆਮ ਤੇ ਮਿਲਾਪੜੇ ਹਨ। ਧਿਆਨ ਰੱਖੋ ਦਾਰਜਲਿੰਗ ਘੁੰਮਣ ਲਈ ਸਥਾਨਕ ਗਾਈਡ ਨੂੰ ਜ਼ਰੂਰ ਬੁੱਕ ਕਰ ਲਵੋ। ਚਾਹ ਦੇ ਬਾਗ਼ਾਂ ਲਈ ਮਸ਼ਹੂਰ ਦਾਰਜਲਿੰਗ ਪੱਛਮੀ ਬੰਗਾਲ ਵਿੱਚ ਸਥਿਤ ਹੈ। ਇੱਥੇ ਪਹੁੰਚਣ ਲਈ ਨਿਜੀ ਸਾਧਨ ਤੋਂ ਇਲਾਵਾ ਰੇਲ ਤੇ ਸੜਕੀ ਮਾਰਗ ਵੀ ਮੌਜੂਦ ਹਨ। ਹਵਾਈ ਜਹਾਜ਼ ਰਾਹੀਂ 65 ਕਿਲੋਮੀਟਰ ਦੂਰ ਬਗਡੋਗਰਾ ਹਵਾਈ ਅੱਡੇ ਜਾਣਾ ਪਵੇਗਾ। ਉਂਝ ਰੇਲ ਮਾਰਗ ਇੱਥੇ ਪਹੁੰਚਣ ਲਈ ਸਭ ਤੋਂ ਸੋਹਣਾ ਤੋ ਸੌਖਾ ਸਾਧਨ ਹੈ, ਕਿਉਂਕਿ ਇੱਥੇ ਹਾਲੇ ਵੀ ਟੌਇ ਟ੍ਰੇਨ ਯਾਨੀ ਪੁਰਾਣੀ ਭੀੜੀ ਰੇਲ ਲਾਈਨਾਂ ਵਾਲੀ ਰੇਲ ਗੱਡੀ ਜਾਂਦੀ ਹੈ।
ਜੇਕਰ ਤੁਸੀਂ 'ਫੀਮੇਲ' ਹੋ ਤੇ ਇਕੱਲੇ ਹੀ ਤੁਹਾਡਾ ਘੁੰਮਣ ਦਾ ਮਨ ਹੈ ਤਾਂ ਤੁਹਾਨੂੰ ਕਿਸੇ ਸਾਥ ਦੀ ਲੋੜ ਨਹੀਂ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਤੁਸੀਂ ਆਸਾਨੀ ਨਾਲ ਇਕੱਲਿਆਂ ਹੀ ਘੁੰਮ ਸਕਦੇ ਹੋ।