ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਤਬਲੀਗੀ ਜਮਾਤ ਦੇ 6 ਲੋਕਾਂ ਵਿੱਚ ਕੋਰੋਨਾ ਦੇ ਲੱਛਣ ਪਾਏ ਗਏ ਹਨ। ਇਨ੍ਹਾਂ ਵਿੱਚੋਂ 3 ਵਿਅਕਤੀ ਕਾਂਗੜਾ ਦੇ ਟਾਂਡਾ ਹਸਪਤਾਲ ਦੇ ਹਨ ਜੋ ਊਨਾ ਤੋਂ ਫੜੇ ਗਏ ਸੀ। ਜਦੋਂਕਿ 3 ਤਾਜ਼ਾ ਮਾਮਲੇ ਨਾਲਾਗੜ੍ਹ ਦੇ ਹਨ, ਜਿਨ੍ਹਾਂ ਨੂੰ ਇਲਾਜ ਲਈ ਸ਼ਿਮਲਾ ਲਿਆਂਦਾ ਗਿਆ ਹੈ। ਹਿਮਾਚਲ ਵਿੱਚ ਹੁਣ ਤੱਕ ਕੁੱਲ 13 ਵਿਅਕਤੀ ਕੋਰੋਨਾ ਪੌਜ਼ੇਟਿਵ ਕੇਸ ਹੋ ਗਏ ਹਨ। ਇਸ ਵਿੱਚੋਂ ਧਰਮਸ਼ਾਲਾ ਦੇ ਇੱਕ ਤਿੱਬਤੀ ਦੀ ਮੌਤ ਹੋ ਗਈ ਹੈ ਤੇ ਦੋ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸ਼ਨੀਵਾਰ ਨੂੰ ਸੂਬੇ ਦੇ ਸਭ ਤੋਂ ਵੱਡੇ ਹਸਪਤਾਲ ਆਈਜੀਐਮਸੀ ‘ਚ 54 ਨਮੂਨੇ ਲਏ ਗਏ, ਜਿਨ੍ਹਾਂ ਵਿੱਚੋਂ 7 ਮਾਮਲੇ ਸਕਾਰਾਤਮਕ ਪਾਏ ਗਏ। ਬੱਦੀ ਦੇ 4 ਮਾਮਲੇ ਅਜਿਹੇ ਹਨ ਜੋ ਪੀਜੀਆਈ ‘ਚ ਮਰਨ ਵਾਲੀ ਔਰਤ ਦੇ ਸੰਪਰਕ ‘ਚ ਆਏ ਸੀ। ਇਨ੍ਹਾਂ ਚਾਰਾਂ ਦਾ ਮੇਦਾਂਤਾ ਹਸਪਤਾਲ ਦਿੱਲੀ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਹਿਮਾਚਲ ਦੇ ਪੁਲਿਸ ਮੁਖੀ ਐਸਆਰ ਮਰਡੀ ਨੇ ਦਿੱਲੀ ਜਮਾਤ ਦੇ ਲੋਕਾਂ ਨੂੰ ਅੱਜ ਸ਼ਾਮ 5 ਵਜੇ ਤੱਕ ਆਪਣੀ ਪਛਾਣ ਪੁਲਿਸ ਨੂੰ ਦੱਸਣ ਲਈ ਕਿਹਾ ਹੈ ਤਾਂ ਜੋ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਆਖਰੀ ਵਾਰਨਿੰਗ ਦਿੰਦੇ ਹੋਏ ਕਿਹਾ ਕਿ ਜੇਕਰ ਲੋਕ ਆਪਣੀ ਪਛਾਣ ਲੁਕਾਉਂਦੇ ਹਨ ਤਾਂ ਉਨ੍ਹਾਂ 'ਤੇ ਤਬਾਹੀ ਪ੍ਰਬੰਧਨ ਐਕਟ ਤਹਿਤ ਕਤਲ ਦੀ ਧਾਰਾ 302 ਤੇ ਕਤਲ ਦੀ ਕੋਸ਼ਿਸ਼ ਦੀ ਧਾਰਾ 307 ਦਾ ਕੇਸ ਦਰਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਹਿਮਾਚਲ ਵਿੱਚ 6 ਕੇਸ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਇਸ ਦੇ ਨਾਲ ਹੀ ਜੇਕਰ ਉਨ੍ਹਾਂ ਕਾਰਨ ਕਿਸੇ ਦੀ ਕੋਰੋਨਾ ਕਾਰਨ ਮੌਤ ਹੋ ਜਾਂਦੀ ਹੈ, ਤਾਂ ਪੁਲਿਸ ਕਤਲ ਦੀ ਕਾਰਵਾਈ ਕਰੇਗੀ। ਡੀਜੀਪੀ ਐਸਆਰ ਮਰਡੀ ਨੇ ਕਿਹਾ ਇਹ ਆਖਰੀ ਚੇਤਾਵਨੀ ਹੈ, ਉਨ੍ਹਾਂ ਕੋਲ ਆਪਣੀ ਜਾਣਕਾਰੀ ਖੁਦ ਦੇਣ ਦਾ ਅੱਜ ਸ਼ਾਮ ਤੱਕ ਦਾ ਸਮਾਂ ਹੈ।