ਪਵਨਪ੍ਰੀਤ ਕੌਰ
ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹੈ ਜਦਕਿ ਸੂਬੇ ‘ਚ 65 ਲੋਕ ਇਸ ਬਿਮਾਰੀ ਨਾਲ ਸੰਕਰਮਿਤ ਹਨ। ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਭਾਵੇਂ ਸੰਕਰਮਿਤ ਲੋਕਾਂ ਦੀ ਗਿਣਤੀ ਘੱਟ ਹੈ, ਪਰ ਇੱਥੋਂ ਦੀ ਮੌਤ ਦਰ ਚਿੰਤਾ ਦਾ ਵਿਸ਼ਾ ਹੈ। ਪੰਜਾਬ ‘ਚ ਮੌਤ ਦਰ ਪੂਰੇ ਦੇਸ਼ ਤੋਂ ਤਿੰਨ ਗੁਣਾ ਜ਼ਿਆਦਾ ਹੈ। ਇਸ ਪਿੱਛੇ ਕਈ ਕਾਰਨ ਨਿਕਲ ਕੇ ਸਾਹਮਣੇ ਆ ਰਹੇ ਹਨ। ਸਭ ਤੋਂ ਵੱਧ ਪ੍ਰਭਾਵਿਤ ਸੂਬੇ ਮਹਾਰਾਸ਼ਟਰ ਤੇ ਤਾਮਿਲਨਾਡੂ, ਦੋਹਾਂ ‘ਚ 400 ਤੋਂ ਵੱਧ ਮਾਮਲੇ ਹਨ, ਜਦਕਿ ਮੌਤ ਦਰ 5 ਫੀਸਦ ਤੋਂ ਹੇਠਾਂ ਹੈ।


ਇਸ ਨੂੰ ਦੇਖਦਿਆਂ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ‘ਚ ਮੌਤ ਦਰਾਂ ਦਾ ਉੱਚ ਫੀਸਦ ਹੋਣਾ ਸਿਹਤ ਸਹੂਲਤਾਵਾਂ ਦੀ ਵਿਗੜਦੀ ਸਥਿਤੀ ਵੱਲ ਇਸ਼ਾਰਾ ਕਰ ਰਿਹਾ ਹੈ। ਹਾਲਾਂਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਸਾਬਕਾ ਮੁਖੀ ਤੇ ਪ੍ਰੋਫੈਸਰ ਡਾ. ਮਨਜੀਤ ਸਿੰਘ ਬੱਲ ਦਾ ਕਹਿਣਾ ਹੈ ਕਿ ਮਰੀਜ਼ ਦੀ ਉਮਰ ‘ਤੇ ਇਮਿਊਨਟੀ ਮੌਤ ਦਰ ਤੈਅ ਕਰਨ ਵਾਲੇ ਮੁੱਖ ਕਾਰਨ ਹਨ।

ਐਕਟੀਵਿਸਟ ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਸਾਬਕਾ ਰਜਿਸਟਰਾਰ ਡਾ. ਪਿਆਰੇ ਲਾਲ ਗਰਗ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਡਿਪਟੀ ਕਮਿਸ਼ਨਰ ਦੀ ਥਾਂ ਸਿਵਲ ਸਰਜਨ ਨੂੰ ਜ਼ਿਆਦਾ ਸ਼ਕਤੀਆਂ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਅਸੀਂ ਸਿਹਤ ਸੰਕਟ ਦੇ ਦੌਰ ਤੋਂ ਗੁਜ਼ਰ ਰਹੇ ਹਾਂ।

ਉੱਧਰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸੂਬੇ ‘ਚ ਪੰਜ ਮੌਤਾਂ ਹੋਈਆਂ ਹਨ, ਜਿਨ੍ਹਾਂ ‘ਚੋਂ ਤਿੰਨ ਬਜ਼ੁਰਗ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤੋਂ ਇਲਾਵਾ ਹੋਰ ਮੁੱਖ ਕਾਰਨ ਦੇਰੀ ਨਾਲ ਇਲਾਜ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਬਹੁਤ ਦੇਰੀ ਨਾਲ ਹਸਪਤਾਲ ਇਲਾਜ ਕਰਵਾਉਣ ਲਈ ਪਹੁੰਚੇ ਸਨ। ਇਸੇ ਤਰ੍ਹਾਂ ਲੁਧਿਆਣਾ ਨਿਵਾਸੀ ਜਿਸ ਦੀ ਪਟਿਆਲਾ ‘ਚ ਕੋਰੋਨਾ ਨਾਲ ਮੌਤ ਹੋਈ, ਉਸ ਦਾ ਵੀ ਆਖਿਰੀ ਸਟੇਜ ‘ਤੇ ਆ ਕੇ ਕੋਰੋਨਾ ਬਾਰੇ ਪਤਾ ਚੱਲਿਆ ਸੀ।