ਨਵੀਂ ਦਿੱਲੀ: ਕਿਸੇ ਵੀ ਵੱਡੀ ਇਮਾਰਤ ਨੂੰ ਬਣਨ ਵਿੱਚ ਕਾਫ਼ੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਪਰ ਉਸ ਨੂੰ ਢਾਹੁਣ ਵਿੱਚ ਸਿਰਫ਼ ਕੁਝ ਸੈਕੰਡ ਹੀ ਲੱਗਦੇ ਹਨ। ਸੋਸ਼ਲ ਮੀਡੀਆ ’ਤੇ ਅਕਸਰ ਸਾਨੂੰ ਕਿਸੇ ਇਮਾਰਤ ਦੇ ਢਹਿ-ਢੇਰੀ ਕਰਨ ਦੇ ਵੀਡੀਓ ਮਿਲ ਜਾਂਦੇ ਹਨ। ਅਜਿਹਾ ਹੀ ਇੱਕ ਵਿਡੀਓ ਸੋਸ਼ਲ-ਮੀਡੀਆ ਉੱਤੇ ਆਇਆ ਹੈ, ਜਿਸ ਵਿੱਚ 165 ਮੀਟਰ ਉੱਚੀ 144 ਮੰਜ਼ਲਾ ਇਮਾਰਤ ਨੂੰ ਡਿੱਗਦਿਆਂ ਵੇਖਿਆ ਜਾ ਸਕਦਾ ਹੈ।




ਇਹ ਵੀਡੀਓ ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਦੱਸੀ ਜਾ ਰਹੀ ਹੈ। ਵੀਡੀਓ ’ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇੱਕ ਸ਼ੇਖ਼ ਦੇ ਕਿਵੇਂ ਬਟਨ ਨੂੰ ਦਬਾਉਂਦਿਆਂ ਹੀ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ ਹੈ ਤੇ ਇਮਾਰਤ ਵਿੱਚ ਲਾਏ ਗਏ ਬਾਰੂਦ ਵਿੱਚ ਧਮਾਕੇ ਨਾਲ ਪੂਰੀ ਇਮਾਰਤ ਢਹਿ-ਢੇਰੀ ਹੋ ਜਾਂਦੀ ਹੈ।




ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਇਸ ਇਮਾਰਤ ਨੂੰ ਢਾਹੁਣ ਵਿੱਚ ਸਿਰਫ਼ 10 ਸੈਕੰਡ ਲੱਗੇ ਹਨ; ਜਿਸ ਕਾਰਨ ਇਹ ਇੱਕ ਵਿਸ਼ਵ ਰਿਕਾਰਡ ਹੈ। ਇਹ ਇਮਾਰਤ ਯੂਏਈ ਦੇ ਅਬੂ ਧਾਬੀ ਵਿੱਚ ਹੈ ਕੇ ਮੀਨਾ ਪਲਾਜ਼ਾ ਦਾ ਹਿੱਸਾ ਸੀ। ਇਸ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਸਭ ਤੋਂ ਘੱਟ ਸਮੇਂ ਅੰਦਰ ਢਾਹੁਣ ਲਈ ਦਰਜ ਕੀਤਾ ਗਿਆ ਹੈ।




ਦੱਸ ਦੇਈਏ ਕਿ ਮੀਨਾ ਪਲਾਜ਼ਾ ਦੀ ਇਸ ਇਮਾਰਤ ਨੂੰ ਅਬੂ ਧਾਬੀ ਵਿੱਚ ਮੋਡਨ ਪ੍ਰਾਪਰਟੀਜ ਨੇ ਬੀਤੀ 27 ਨਵੰਬਰ ਨੂੰ ਖ਼ਰੀਦਿਆ ਸੀ। ਇਸ ਤੋਂ ਬਾਅਦ ਇਸ ਨੂੰ ਢਾਹੁਣ ਦਾ ਫ਼ੈਸਲਾ ਲਿਆ ਗਿਆ। ਇਸ ਨੂੰ ਢਾਹੁਣ ਲਈ 915 ਕਿਲੋਗ੍ਰਾਮ ਧਮਾਕਾਖ਼ੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ। ਇਨ੍ਹਾਂ ਵਿਸਫੋਟਕਾਂ ਨੂੰ 3 ਹਜ਼ਾਰ ਤੋਂ ਵੱਧ ਡੈਟੋਨੇਟਰਜ਼ ਵਿੱਚ ਇੱਕੋ ਵਾਰੀ ਧਮਾਕਾ ਕਰ ਕੇ ਐਕਟਿਵ ਕੀਤਾ ਗਿਆ ਸੀ।