ਨਵੀਂ ਦਿੱਲੀ: ਦੇਸ਼ ਭਰ ’ਚ ਵੈਕਸੀਨ ਦੀ ਕਿੱਲਤ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ 16 ਕੰਪਨੀਆਂ ਕੋਵੈਕਸੀਨ ਬਣਾਉਣ ਦੇ ਸਮਰੱਥ ਹਨ। ਜੇ ਇਹ ਸਾਰੀਆਂ ਉਤਪਾਦਨ ਕਰਨ, ਤਾਂ ਹਰ ਮਹੀਨੇ 25 ਕਰੋੜ ਵੈਕਸੀਨ ਬਣਾਈਆਂ ਜਾ ਸਕਦੀਆਂ ਹਨ। ਨਾਲ ਹੀ ਕੇਜਰੀਵਾਲ ਨੇ ਇਹ ਸੁਆਲ ਵੀ ਉਠਾਇਆ ਹੈ ਕਿ ਅਸੀਂ 25 ਕਰੋੜ ਵੈਕਸੀਨਾਂ ਹਰ ਮਹੀਨੇ ਕਿਉਂ ਨਹੀਂ ਬਣਾ ਰਹੇ?

 

 

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਮੈਨੂੰ ਖ਼ੁਸ਼ੀ ਹੈ ਕਿ ਕੋਵੈਕਸੀਨ ਬਣਾਉਣ ਵਾਲੀ ਕੰਪਨੀ ਬਾਇਓਟੈੱਕ ਵੈਕਸੀਨ ਬਣਾਉਣ ਦਾ ਫ਼ਾਰਮੂਲ ਦੂਜੀਆਂ ਕੰਪਨੀਆਂ ਨਾਲ ਸ਼ੇਅਰ ਕਰਨ ਵਾਸਤੇ ਤਿਆਰ ਹੈ। ਦੇਸ਼ ’ਚ 16 ਪਨੀਆਂ ਕੋਵੈਕਸੀਨ ਬਣਾਉਣ ਦੇ ਸਮਰੱਥ ਹਨ ਪਰ ਕੰਪਨੀ ਦਾ ਸਿਰਫ਼ ਦੋ ਕੰਪਨੀਆਂ ਨਾਲ ਹੀ ਸਮਝੌਤਾ ਹੋਇਆ ਹੈ। ਇਨ੍ਹਾਂ ਸਾਰੀਆਂ 16 ਕੰਪਨੀਆਂ ਨੂੰ ਵੈਕਸੀਨ ਬਣਾਉਣ ਦਾ ਹੁਕਮ ਦਿੱਤਾ ਜਾਣਾ ਚਾਹੀਦਾ ਹੈ। ਜੇ ਇਹ 16 ਕੰਪਨੀਆਂ ਪ੍ਰੋਡਕਸ਼ਨ ਚਾਲੂ ਕਰਨ, ਤਾਂ ਹਰ ਮਹੀਨੇ 25 ਕਰੋੜ ਵੈਕਸੀਨ ਬਣਾਈਆਂ ਜਾ ਸਕਦੀਆਂ ਹਨ। ਤਾਂ ਅਸੀਂ 25 ਕਰੋੜ ਵੈਕਸੀਨ ਹਰ ਮਹੀਨੇ ਕਿਉਂ ਨਹੀਂ ਬਣਾ ਰਹੇ?

 

ਅਰਵਿੰਦ ਕੇਜਰੀਵਾਲ ਨੇ ਕਿਹਾ ਸਾਡੀ ਮੌਡਰਨਾ ਤੇ ਫ਼ਾਈਜ਼ਰ ਨਾਲ ਗੱਲ ਹੋਈ, ਉਹ ਆਖਦੇ ਹਨ ਕਿ ਅਸੀਂ ਤੁਹਾਨੂੰ ਵੈਕਸੀਨ ਨਹੀਂ ਦੇਵਾਂਗੇ। ਅਸੀਂ ਕੇਂਦਰ ਸਰਕਾਰ ਨਾਲ ਗੱਲ ਕਰਾਂਗੇ। ਅਸੀਂ ਪਹਿਲਾਂ ਹੀ ਬਹੁਤ ਸਮਾਂ ਗੁਆ ਚੁੱਕੇ ਹਾਂ। ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਕੰਪਨੀਆਂ ਨਾਲ ਗੱਲ ਕਰਕੇ ਵੈਕਸੀਨ ਦਰਾਮਦ ਕਰੇ ਤੇ ਰਾਜਾਂ ਨੂੰ ਵੰਡੇ। ਅਸੀਂ ‘ਬਲੈਕ ਫ਼ੰਗਸ’ ਲਈ ਆਪਣੇ ਸੈਂਟਰ ਬਣਾ ਦਿੱਤੇ ਹਨ ਪਰ ਦਵਾਈ ਨਹੀਂ ਹੈ, ਤਾਂ ਇਲਾਜ ਕਿਵੇਂ ਕਰੀਏ? ਦਿੱਲੀ ਨੂੰ ਰੋਜ਼ਾਨਾ 2,000 ਇੰਜੈਕਸ਼ਨ ਚਾਹੀਦੇ ਹਨ ਪਰ ਸਾਨੂੰ 400-500 ਇੰਜੈਕਸ਼ਨ ਹੀ ਮਿਲ ਰਹੇ ਹਨ। ਦਿੱਲੀ ’ਚ ‘ਬਲੈਕ ਫ਼ੰਗਸ’ ਦੇ ਲਗਪਗ 500 ਮਰੀਜ਼ ਹਨ।

 

ਇੱਥੇ ਦੱਸ ਦੇਈਏ ਕਿ ਇਕੱਲੇ ਦਿੱਲੀ ਨੂੰ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਵਿੱਚ ਹੀ ਦਵਾਈਆਂ ਤੇ ਵੈਕਸੀਨਾਂ ਦੀ ਕਮੀ ਦੀਆਂ ਖ਼ਬਰਾਂ ਮੀਡੀਆ ’ਚ ਆ ਰਹੀਆਂ ਹਨ।